
ਕੈਟਾਲਿਨ ਕੈਰੀਕੋ ਅਤੇ ਡਰਿਊ ਵੇਸਮੈਨ ਸਾਂਝੇ ਰੂਪ ’ਚ ਪ੍ਰਾਪਤ ਕਰਨਗੇ ਪੁਰਸਕਾਰ
ਸਟਾਕਹੋਮ: ਇਸ ਵਾਰੀ ਮੈਡੀਸਨ ਖੇਤਰ ’ਚ ਨੋਬੇਲ ਪੁਰਸਕਾਰ ਕਾਟਾਲਿਨ ਕਾਰਿਕੋ ਅਤੇ ਡਰਿਊ ਵੇਸਮੈਨ ਨੂੰ ਕੋਵਿਡ-19 ਨਾਲ ਲੜਨ ਲਈ ਐਮ.ਆਰ.ਐਨ.ਏ. ਟੀਕਿਆਂ ਦੇ ਵਿਕਾਸ ਨਾਲ ਸਬੰਧਤ ਖੋਜਾਂ ਲਈ ਦਿਤਾ ਜਾਵੇਗਾ। ਨੋਬੇਲ ਅਸੈਂਬਲੀ ਦੇ ਸਕੱਤਰ ਥਾਮਸ ਪਰਲਮੈਨ ਨੇ ਸੋਮਵਾਰ ਨੂੰ ਸਟਾਕਹੋਮ ’ਚ ਪੁਰਸਕਾਰ ਦਾ ਐਲਾਨ ਕੀਤਾ।
ਕਾਰਿਕੋ ਹੰਗਰੀ ਸਥਿਤ ਸੇਗੇਨਸ ਯੂਨੀਵਰਸਿਟੀ ’ਚ ਪ੍ਰੋਫ਼ੈਸਰ ਹਨ ਅਤੇ ਪੈਨਸੇਲਵੇਨੀਆ ਯੂਨੀਵਰਸਿਟੀ ’ਚ ਵੀ ਪੜ੍ਹਾਉਂਦੇ ਹਨ। ਵੇਸਮੈਨ ਨੇ ਪੈਨਸਿਲਵੇਨੀਆ ਯੂਨੀਵਰਸਿਟੀ ’ਚ ਕਾਰਿਕੋ ਨਾਲ ਇਹ ਖੋਜ ਕੀਤੀ।
ਪੁਰਸਕਾਰ ਕਮੇਟੀ ਨੇ ਕਿਹਾ, ‘‘ਅਪਣੀ ਅਦੁੱਤੀ ਖੋਜ ਰਾਹੀਂ, ਜਿਸ ਨੇ ਐਮ.ਆਰ.ਐਨ.ਏ. ਅਤੇ ਸਾਡੇ ਸਰੀਰ ਦੀ ਸੁਰਖਿਆ ਪ੍ਰਣਾਲੀ ਦੇ ਸੰਪਰਕ ਨੂੰ ਲੈ ਕੇ ਸਾਡੀ ਸਮਝ ਨੂੰ ਮੌਲਿਕ ਰੂਪ ਨਾਲ ਬਦਲ ਦਿਤਾ ਹੈ, ਪੁਰਸਕਾਰ ਜੇਤੂਆਂ ਨੇ ਆਧੁਨਿਕ ਸਮੇਂ ’ਚ ਮਨੁੱਖੀ ਸਿਹਤ ਲਈ ਸਭ ਤੋਂ ਵੱਡੇ ਖ਼ਤਰਿਆਂ ’ਚੋਂ ਇਕ ਦੌਰਾਨ ਟੀਕੇ ਦੇ ਵਿਕਾਸ ’ਚ ਅਦੁੱਤੀ ਯੋਗਦਾਨ ਦਿਤਾ।’’ ਪਰਲਮੈਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਐਲਾਨ ਤੋਂ ਕੁਝ ਦੇਰ ਪਹਿਲਾਂ ਦੋਹਾਂ ਵਿਗਿਆਨੀਆਂ ਨਾਲ ਸੰਪਰਕ ਕੀਤਾ ਤਾਂ ਉਹ ਪੁਰਸਕਾਰ ਦੀ ਖ਼ਬਰ ਸੁਣ ਕੇ ਬਹੁਤ ਖ਼ੁਸ਼ ਹੋਏ।
ਸਰੀਰ ਕਿਰਿਆ ਵਿਗਿਆਨ ਜਾਂ ਮੈਡੀਸਨ ਖੇਤਰ ’ਚ ਪਿਛਲੇ ਸਾਲ ਦਾ ਨੋਬੇਲ ਪੁਰਸਕਾਰ ਸਵੀਡਿਸ਼ ਵਿਗਿਆਨੀ ਸਵਾਂਤੇ ਪਾਬੋ ਨੂੰ ਮਨੁੱਖੀ ਵਿਕਾਸ ਦੀਆਂ ਉਨ੍ਹਾਂ ਦੀਆਂ ਖੋਜਾਂ ਲਈ ਦਿਤਾ ਗਿਆ ਸੀ, ਜਿਨ੍ਹਾਂ ਨੇ ਨਿਐਂਡਰਥਾਲ ਡੀ.ਐਨ.ਏ. ਦੇ ਰਹੱਸਾਂ ਨੂੰ ਉਜਾਗਰ ਕੀਤਾ ਸੀ। ਇਸ ਨਾਲ ਕੋਵਿਡ-19 ਪ੍ਰਤੀ ਸਾਡੀ ਸੰਵੇਦਨਸ਼ੀਲਤਾ ਸਮੇਤ ਸਾਡੀ ਸੁਰਖਿਆ ਪ੍ਰਣਾਲੀ ਨੂੰ ਲੈ ਕੇ ਮਹੱਤਵਪੂਰਨ ਜਾਣਕਾਰੀ ਮਿਲੀ। ਪਾਬੋ ਦੇ ਪਿਤਾ ਸੁਨ ਬਰਗਸਟ੍ਰੋਮ ਨੂੰ ਵੀ 1982 ’ਚ ਮੈਡੀਕਲ ਖੇਤਰ ਦਾ ਨੋਬੇਲ ਪੁਰਸਕਾਰ ਦਿਤਾ ਗਿਆ ਸੀ।
ਭੌਤਿਕ ਸ਼ਾਸਤਰ ਲਈ ਨੋਬੇਲ ਪੁਰਸਕਾਰ ਦਾ ਐਲਾਨ ਮੰਗਲਵਾਰ ਨੂੰ ਅਤੇ ਰਸਾਇਣ ਵਿਗਿਆਨ ਦੇ ਖੇਤਰ ’ਚ ਯੋਗਦਾਨ ਲਈ ਇਸ ਪੁਰਸਕਾਰ ਦਾ ਐਲਾਨ ਬੁਧਵਾਰ ਨੂੰ ਕੀਤਾ ਜਾਵੇਗਾ। ਵੀਰਵਾਰ ਨੂੰ ਸਾਹਿਤ ਦੇ ਖੇਤਰ ਲਈ ਨੋਬੇਲ ਪੁਰਸਕਾਰ ਜੇਤੂ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਨੋਬੇਲ ਸ਼ਾਂਤੀ ਪੁਰਸਕਾਰ ਸ਼ੁਕਰਵਾਰ ਅਤੇ ਅਰਥ ਸ਼ਾਸਤਰ ਲਈ ਨੋਬੇਲ ਪੁਰਸਕਾਰ ਦਾ ਐਲਾਨ 9 ਅਕਤੂਬਰ ਨੂੰ ਹੋਵੇਗਾ।
ਨੋਬੇਲ ਪੁਰਸਕਾਰ ’ਚ 1.1 ਕਰੋੜ ਸਵੀਡਿਸ਼ ਕ੍ਰੋਨਰ (10 ਲੱਖ ਡਾਲਰ) ਦਾ ਨਕਦ ਇਨਾਮ ਦਿਤਾ ਜਾਂਦਾ ਹੈ। ਇਹ ਪੈਸਾ ਪੁਰਸਕਾਰ ਦੇ ਸੰਸਥਾਪਕ ਸਵੀਡਿਸ਼ ਨਾਗਰਿਕ ਅਫ਼ਰੇਡ ਨੋਬੇਲ ਦੀ ਜਾਇਦਾਦ ’ਚੋਂ ਦਿਤਾ ਜਾਂਦਾ ਹੈ ਜਿਨ੍ਹਾਂ ਦੀ 1896 ’ਚ ਮੌਤ ਹੋ ਗਈ ਸੀ।