
PM ਮੋਦੀ ਨੇ ਰੂਸ ਦੇ ਰਾਸਟਰਪਤੀ ਨਾਲ ਕੀਤੀ ਗੱਲ, ਖਾਰਕੀਵ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਹੋਈ ਚਰਚਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਰਾਤ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲ ਕੀਤੀ। ਦੋਵਾਂ ਨੇਤਾਵਾਂ ਨੇ ਯੂਕਰੇਨ ਦੀ ਸਥਿਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਪੀਐਮ ਮੋਦੀ ਅਤੇ ਪੁਤਿਨ ਨੇ ਖਾਸ ਤੌਰ 'ਤੇ ਖਾਰਕੀਵ 'ਤੇ ਚਰਚਾ ਕੀਤੀ ਜਿੱਥੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਦੋਹਾਂ ਨੇਤਾਵਾਂ ਨੇ ਵਿਵਾਦ ਵਾਲੇ ਖੇਤਰਾਂ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ 'ਤੇ ਚਰਚਾ ਕੀਤੀ।
ਇਸ ਦੌਰਾਨ ਰੂਸ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਉਥੇ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਦੀ ਫੌਜ ਨੇ ਬੰਧਕ ਬਣਾ ਲਿਆ ਹੈ ਅਤੇ ਉਹ ਉਹਨਾਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਹਨ। ਇਸ ਦੇ ਨਾਲ ਯੂਕਰੇਨ ਦੀ ਫੌਜ ਭਾਰਤੀਆਂ ਨੂੰ ਰੂਸੀ ਖੇਤਰ ਵਿਚ ਦਾਖਲ ਹੋਣ ਤੋਂ ਰੋਕ ਰਹੀ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, "ਸਾਡੀ ਜਾਣਕਾਰੀ ਅਨੁਸਾਰ ਯੂਕਰੇਨ ਦੇ ਅਧਿਕਾਰੀਆਂ ਨੇ ਖਾਰਕੀਵ ਵਿਚ ਭਾਰਤੀ ਵਿਦਿਆਰਥੀਆਂ ਦੇ ਵੱਡੇ ਸਮੂਹ ਨੂੰ ਜ਼ਬਰਦਸਤੀ ਹਿਰਾਸਤ ਵਿਚ ਲਿਆ ਹੈ ਜੋ ਯੂਕਰੇਨ ਛੱਡ ਕੇ ਜਾਣਾ ਚਾਹੁੰਦੇ ਹਨ।" ਦਰਅਸਲ ਉਹਨਾਂ ਨੂੰ ਬੰਧਕ ਬਣਾ ਲਿਆ ਗਿਆ ਹੈ ਅਤੇ ਉਹਨਾਂ ਨੂੰ ਯੂਕਰੇਨ-ਪੋਲੈਂਡ ਸਰਹੱਦ ਰਾਹੀਂ ਬਾਹਰ ਕੱਢਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਰੂਸੀ ਹਥਿਆਰਬੰਦ ਬਲ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ। ਅਸੀਂ ਉਹਨਾਂ ਨੂੰ ਰੂਸੀ ਖੇਤਰ ਤੋਂ ਸਾਡੇ ਆਪਣੇ ਮਿਲਟਰੀ ਟਰਾਂਸਪੋਰਟ ਜਹਾਜ਼ ਜਾਂ ਭਾਰਤੀ ਹਵਾਈ ਜਹਾਜ਼ ਰਾਹੀਂ ਭਾਰਤ ਦੀ ਇੱਛਾ ਅਨੁਸਾਰ ਉਹਨਾਂ ਦੇ ਘਰਾਂ ਤੱਕ ਭੇਜਣ ਲਈ ਤਿਆਰ ਹਾਂ”।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਸੰਕਟ 'ਤੇ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਯੂਕਰੇਨ ਵਿਚ ਫਸੇ ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਸਬੰਧਤ ਅਧਿਕਾਰੀਆਂ ਤੋਂ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਬਾਰੇ ਵੀ ਜਾਣਕਾਰੀ ਲਈ ਗਈ। ਬੈਠਕ ਤੋਂ ਬਾਅਦ ਪੀਐਮ ਮੋਦੀ ਨੇ ਇਕ ਵਾਰ ਫਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਗੱਲ ਕੀਤੀ। ਪੀਐਮ ਮੋਦੀ ਦੀ ਇਹ ਗੱਲਬਾਤ ਜ਼ਿਆਦਾ ਅਹਿਮ ਹੈ ਕਿਉਂਕਿ ਰੂਸੀ ਫੌਜ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ।