
19 ਤੋਂ 21 ਅਪ੍ਰੈਲ ਨੂੰ ਮੈਲਬੌਰਨ ਵਿਖੇ ਹੋਣਗੀਆਂ ਸਿੱਖ ਖੇਡਾਂ
ਔਕਲੈਂਡ : ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ 19 ਤੋਂ 21 ਅਪ੍ਰੈਲ ਤਕ 32ਵੀਂ ਸਿੱਖ ਖੇਡਾਂ ਹੋ ਰਹੀਆਂ ਹਨ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ। ਅੱਜ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਨਿਊਜ਼ੀਲੈਂਡ ਤੋਂ 150 ਤੋਂ ਵੱਧ ਖਿਡਾਰੀਆਂ ਦੇ ਪੁੱਜਣ ਲਈ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਜਿਸ ਦੇ ਵਿਚ ਕਬੱਡੀ, ਵਾਲੀਵਾਲ, ਫ਼ੁੱਟਬਾਲ, ਟੱਚ ਰਗਬੀ, ਬਾਸਕਟਬਾਲ, ਗੌਲਫ ਆਦਿ ਦੇ ਖਿਡਾਰੀ ਸ਼ਾਮਿਲ ਹੋਣਗੇ। ਫ਼ੁੱਟਬਾਲ ਦੀਆਂ ਤਿੰਨ ਟੀਮਾਂ ਅਤੇ ਵਾਲੀਵਾਲ ਦੀਆਂ ਚਾਰ ਟੀਮਾਂ ਸ਼ਾਮਿਲ ਹਨ।
ਇਕ ਟੀਮ ਕਬੱਡੀ ਦੀ ਹੈ ਅਤੇ ਇਕ ਟੀਮ ਬਾਸਕਟਬਾਲ ਦੀ ਹੈ। ਰੋਟੋਰੂਆ ਤੋਂ ਮੁੰਡਿਆਂ ਦੀ ਹਾਕੀ ਟੀਮ ਜਾ ਰਹੀ ਹੈ। ਟੱਚ ਰਗਬੀ ਦੀਆਂ ਦੋ ਟੀਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਇਕੱਲੇ-ਇਕੱਲੇ ਖਿਡਾਰੀ ਵੀ ਕਈ ਗੇਮਾਂ ਵਿਚ ਭਾਗ ਲੈਣਗੇ। ਕੁੜੀਆਂ ਦੀ ਇਕ ਫ਼ੁੱਟਬਾਲ ਟੀਮ ਖੇਡੇਗੀ। ਕਬੱਡੀ, ਐਥਲੈਟਿਕਸ, ਫੁੱਟਬਾਲ, ਟੈਨਿਸ, ਨੈਟਬਾਲ, ਸੀਪ ਅਤੇ ਰੈਸਲਿੰਗ ਦੇ ਮੈਚ Casey Fields Blvd. Cranbourne East ਵਿਖੇ ਹੋਣਗੇ। ਜਦ ਕਿ ਬੈਡਮਿੰਟਨ, ਬਾਸਕਟਬਾਲ, ਵਾਲੀਵਾਲ ਅਤੇ ਵਾਲੀਵਾਲ ਸ਼ੂਟਿੰਗ ਦੇ ਮੈਚ Casey Fields Blvd. Cranbourne East ਵਿਖੇ ਹੋਣਗੇ। 19 ਅਪ੍ਰੈਲ ਨੂੰ ਸਵੇਰੇ ਮੈਚਾਂ ਦੀ ਸ਼ੁਰੂਆਤ 8 ਵਜੇ ਕਰ ਦਿਤੀ ਜਾਵੇਗੀ।
ਇਸੇ ਦਿਨ ਸ਼ਾਮ ਨੂੰ ਬੁੰਜ਼ਿਲ ਪੈਲੇਸ ਵਿਖੇ ਕਲਚਰਲ ਨਾਈਟ ਰਹੇਗੀ। ਖੇਡਾਂ ਦਾ ਰਸਮੀ ਉਦਘਾਟਨ 20 ਅਪ੍ਰੈਲ ਨੂੰ ਸਵੇਰੇ 1 'ਕੇਸੀ ਫੀਲਡ' ਦੇ ਵਿਚ ਹੀ ਕੀਤਾ ਜਾਵੇਗਾ ਅਤੇ ਸ਼ਾਮ ਨੂੰ ਬੁੰਜਿਲ ਪੈਲੇਸ ਵਿਖੇ ਲੋਕ ਨਾਚਾਂ ਦਾ ਪ੍ਰਦਰਸ਼ਨ ਹੋਏਗਾ। ਨਿਊਜ਼ੀਲੈਂਡ ਦੇ ਮੈਂਬਰ ਪਾਰਲੀਮੈਂਟ ਕੰਵਲਜੀਤ ਸਿੰਘ ਬਖਸ਼ੀ ਇਸ ਉਦਘਾਟਨੀ ਸਮਾਰੋਹ ਦੇ ਵਿਚ ਵਿਸ਼ੇਸ਼ ਮਹਿਮਾਨ ਹੋਣਗੇ। 19 ਅਪ੍ਰੈਲ ਨੂੰ ਉਹ ਸਿੱਖ ਫੋਰਮ ਦੇ ਵਿਚ ਪਰਚਾ ਵੀ ਪੜ੍ਹਨਗੇ। ਸਮਾਪਤੀ ਸਮਾਰੋਹ 21 ਅਪ੍ਰੈਲ ਦੀ ਸ਼ਾਮ ਨੂੰ ਕੇਸੀ ਫੀਲਡ ਦੇ ਵਿਚ ਹੋਵੇਗਾ। ਇਸ ਮਹਾਂ ਖੇਡ ਮੇਲੇ ਦੇ ਵਿਚ ਕੁੱਲ 3200 ਖਿਡਾਰੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। 231 ਦੇ ਕਰੀਬ ਟੀਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਮੌਕੇ ਉਤੇ ਦੌੜਾਂ, ਮੈਰਾਥਨ 5 ਕਿਲੋਮੀਟਰ ਵਾਲੀ ਅਤੇ ਹੋਰ ਐਥਲੈਟਿਕਸ ਗੇਮਾਂ ਵੀ ਹੋਣਗੀਆਂ ਜਿਸ ਦੇ ਵਿਚ ਬੱਚੇ ਵੀ ਭਾਗ ਲੈ ਸਕਣਗੇ।
ਸਭਿਆਚਾਰਕ ਨੂੰ ਪ੍ਰੋਮੋਟ ਕਰਨ ਦੇ ਲਈ ਤਿੰਨੇ ਦਿਨ ਖੇਡ ਮੈਦਾਨ ਦੇ ਵਿਚ ਇਕ ਲਾਈਵ ਸਟੇਜ ਲੱਗੇ ਰਹੇਗੀ, ਜਿਸ ਦੇ ਵਿਚ ਤਰ੍ਹਾਂ-ਤਰ੍ਹਾਂ ਦੇ ਕਲਾਕਾਰ ਆਪਣੀ ਪੇਸ਼ਕਾਰੀ ਕਰਨਗੇ। ਪੇਂਟਿੰਗਜ਼ ਦੇ ਵਿਚ ਸ.ਗੁਰਪ੍ਰੀਤ ਬਠਿੰਡਾ 'ਸਰਕਾਰ-ਏ-ਖਾਲਸਾ' ਥੀਮ ਦੇ ਉਤੇ ਲਗਪਗ 40 ਪੇਂਟਿੰਗਜ਼ ਲੈ ਕੇ ਆ ਰਹੇ ਹਨ। ਡੇਨੀਅਲ ਕੋਲਿਨ ਲਾਈਵ ਪੇਂਟਿੰਗ ਬਣਾਏਗਾ ਅਤੇ ਉਸਨੂੰ ਨਿਲਾਮ ਕਰਕੇ ਉਸਦੇ ਪੈਸੇ ਖਾਲਸਾ ਏਡ ਨੂੰ ਭੇਜੇ ਜਾਣਗੇ। ਹਰਮਨ ਬੋਪਾਰਾਏ ਜੋ ਕਿ ਅਮਰੀਕਾ ਤੋਂ ਆ ਰਿਹਾ ਹੈ ਉਹ ਵੀ ਊੜੇ-ਐੜੇ ਵਾਲੀਆਂ ਫੱਟੀਆਂ ਬਾਰੇ ਤਿਆਰ ਕੀਤਾ ਵਿਸ਼ੇਸ਼ ਕੰਮ ਲੋਕਾਂ ਦੇ ਸਾਹਮਣੇ ਰੱਖੇਗਾ। 5 ਮਾਰਚ ਤੋਂ ਇਕ ਬੈਟਨ (ਮਸ਼ਾਲ) ਵੀ ਚੱਲੀ ਹੋਈ ਹੈ ਜੋ ਕਿ ਖੇਡਾਂ ਤੋਂ ਪਹਿਲਾਂ ਇਥੇ ਪਹੁੰਚ ਜਾਵੇਗੀ। ਪ੍ਰਿੰਸੀਪਲ ਸੁਖਵੰਤ ਸਿੰਘ ਦਾ ਰਾਗੀ ਜੱਥਾ ਰਾਗਾਂ ਅਧਾਰਿਤ ਗੁਰਬਾਣੀ ਸੰਗ ਇਕ ਕੀਰਤਨ ਟੂਰ ਪਰਥ ਤੋਂ 16 ਮਾਰਚ ਤੋਂ ਲੈ ਕੇ ਚੱਲੇ ਹੋਏ ਹਨ ਅਤੇ 19 ਅਪ੍ਰੈਲ ਸ਼ਾਮ ਨੂੰ ਕਰੇਗੀਬਰਨ ਵਿਖੇ ਪਹੁੰਚਣਗੇ। ਇਸ ਤੋਂ ਇਲਾਵਾ ਹੋਰ ਬਹੁਤ ਕੁਝ ਵੇਖਣਯੋਗ ਹੋਵੇਗਾ।