
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਯੂਨੀਵਰਸਿਟੀ ਲਈ 70 ਏਕੜ ਜ਼ਮੀਨ ਦਿੱਤੀ ਹੈ।
ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਯੂਨੀਵਰਸਿਟੀ ਲਈ 70 ਏਕੜ ਜ਼ਮੀਨ ਦਿੱਤੀ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਚ ਇਕ ਅੰਤਰਰਾਸ਼ਟਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਰ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਲਾਹੌਰ ਤੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਦੇਵ ਅੰਤਰਰਾਸ਼ਟਰੀ ਯੂਨੀਵਰਸਿਟੀ ਦੀ ਸਥਾਪਨਾ ਲਈ ਵਿੱਤੀ ਸਾਲ 2019-20 ਦੇ ਬਜਟ ਵਿਚ ਰਾਸ਼ੀ ਦਿੱਤੀ ਜਾਵੇਗੀ।
Nankana Sahib
ਉਹਨਾਂ ਨੇ ਕਿਹਾ ਕਿ ਇਸਦੇ ਅਧੀਨ ਸਰਕਾਰ ਨਨਕਾਣਾ ਸਾਹਿਬ ਵਿਚ ਪੁਲਿਸ ਲਾਈਨ, ਜੇਲ ਅਤੇ ਕੌਮੀ ਰਜਿਸਟਰੇਸ਼ਨ ਡੇਟਾਬੇਸ ਅਥਾਰਟੀ ਦੀ ਸਥਾਪਨਾ ਵੀ ਕਰੇਗੀ। ਲਹਿੰਦੇ ਪੰਜਾਬ ਦੇ ਨਨਕਾਣਾ ਸਾਹਿਬ ਵਿਚ ਵਸੇ ਸਿੱਖ ਲੰਬੇ ਸਮੇਂ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਂਅ ਤੋਂ ਯੂਨੀਵਰਸਿਟੀ ਖੋਲਣ ਦੀ ਮੰਗ ਕਰ ਰਹੇ ਹਨ। ਇਸ ਯੂਨੀਵਰਸਿਟੀ ਦੀ ਮੰਗ ਸਭ ਤੋਂ ਪਹਿਲਾਂ 2003 ਵਿਚ ਪਰਵੇਜ਼ ਇਲਾਹੀ ਦੀ ਸਰਕਾਰ ਵਿਚ ਪੇਸ਼ ਕੀਤਾ ਗਿਆ ਸੀ।
Sardar Usman Buzdar, CM of Punjab, Pakistan
ਦੋ ਸਾਲ ਪਹਿਲਾਂ ਪੀਐਮਐਲਐਨ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਯੂਨੀਵਰਸਿਟੀ ਦਾ ਉਦਘਾਟਨ ਇਸ ਖੇਤਰ ਵਿਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗਾ ਅਤੇ ਕੌਮਾਂਤਰੀ ਪੱਧਰ ‘ਤੇ ਪਾਕਿਸਤਾਨ ਦੀ ਸਥਿਤੀ ਵਿਚ ਵੀ ਸੁਧਾਰ ਹੋਵੇਗਾ। ਇਸ ਤੋਂ ਪਹਿਲਾਂ ਪਿਛਲੇ ਸਾਲ ਪਾਕਿਸਤਾਨੀ ਯੂਨੀਵਰਸਿਟੀ ਨੇ ਗੁਰੂ ਨਾਨਕ ਰਿਸਰਚ ਚੇਅਰ ਦੀ ਸਥਾਪਨਾ ਵੀ ਕੀਤੀ ਸੀ ਤਾਂ ਜੋ ਸਿੱਖਾਂ ਦੇ ਸ਼ਾਂਤੀ ਦੇ ਸੰਦੇਸ਼ ਨੂੰ ਦੇਸ਼ ਦੁਨੀਆਂ ਤੱਕ ਪਹੁੰਚਾਇਆ ਜਾ ਸਕੇ।