ਘੱਟ ਦੂਰੀ ਦੇ ਰਾਕੇਟ ਦਾ ਨਿਸ਼ਾਨਾ ਬਣਿਆ ਸੀ ਹਮਾਸ ਮੁਖੀ ਹਨਿਆ
ਯੇਰੂਸ਼ਲਮ: ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਹੈ ਕਿ ਕੁੱਝ ਦਿਨ ਪਹਿਲਾਂ ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨਿਆ ਨੂੰ ਥੋੜ੍ਹੀ ਦੂਰੀ ਦੇ ਰਾਕੇਟ ਹਮਲੇ ’ਚ ਨਿਸ਼ਾਨਾ ਬਣਾਇਆ ਗਿਆ ਸੀ। ਈਰਾਨ ਨੇ ਅਮਰੀਕਾ ’ਤੇ ਇਸ ਇਜ਼ਰਾਈਲੀ ਹਮਲੇ ਦੀ ਹਮਾਇਤ ਕਰਨ ਦਾ ਦੋਸ਼ ਵੀ ਲਾਇਆ। ਸਰਕਾਰੀ ਟੀ.ਵੀ. ’ਚ ਸਨਿਚਰਵਾਰ ਨੂੰ ਆਈਆਂ ਖਬਰਾਂ ’ਚ ਇਹ ਗੱਲ ਕਹੀ ਗਈ ਹੈ।
ਈਰਾਨ ਦੀ ਰਾਜਧਾਨੀ ਤਹਿਰਾਨ ’ਚ ਬੁਧਵਾਰ ਨੂੰ ਹਮਾਸ ਦੇ ਸਿਆਸੀ ਮੁਖੀ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਉਣ ਲਈ ਸੱਤ ਕਿਲੋਗ੍ਰਾਮ ਗੋਲਾ-ਬਾਰੂਦ ਨਾਲ ਭਰੇ ਰਾਕੇਟ ਦੀ ਵਰਤੋਂ ਕੀਤੀ ਗਈ। ਬਿਆਨ ਮੁਤਾਬਕ ਹਮਲੇ ਨਾਲ ਭਾਰੀ ਤਬਾਹੀ ਹੋਈ ਪਰ ਟਿਕਾਣੇ ਦਾ ਵੇਰਵਾ ਸਾਂਝਾ ਨਹੀਂ ਕੀਤਾ ਗਿਆ।
ਹਨਿਆ, ਈਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮਸੂਦ ਪੇਜੇਸ਼ਕਿਆਨ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣ ਲਈ ਈਰਾਨ ’ਚ ਸਨ। ਰੈਵੋਲਿਊਸ਼ਨਰੀ ਗਾਰਡ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਕਾਰਵਾਈ ਦੀ ਯੋਜਨਾ ਜ਼ਾਇਨਿਸਟ ਸ਼ਾਸਨ ਨੇ ਬਣਾਈ ਸੀ ਅਤੇ ਅਮਰੀਕਾ ਨੇ ਇਸ ਦਾ ਸਮਰਥਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਵਾਬੀ ਕਾਰਵਾਈ ਦੀ ਅਪੀਲ ਦੁਹਰਾਈ। ਉਸ ਨੇ ਕਿਹਾ, ‘‘ਜੰਗ ਭੜਕਾਉਣ ਵਾਲੇ ਅਤੇ ਅਤਿਵਾਦੀ ਜ਼ਾਇਨਿਸਟ ਸ਼ਾਸਨ ਨੂੰ ਉਚਿਤ ਸਮੇਂ ਅਤੇ ਸਥਾਨ ’ਤੇ ਸਖਤ ਸਜ਼ਾ ਮਿਲੇਗੀ।’’
ਪਛਮੀ ਏਸ਼ੀਆ ’ਚ ਫੌਜੀ ਮੌਜੂਦਗੀ ਵਧਾਏਗਾ ਅਮਰੀਕਾ, ਲੜਾਕੂ ਜਹਾਜ਼ ਅਤੇ ਏਅਰਕ੍ਰਾਫਟ ਕੈਰੀਅਰ ਤਾਇਨਾਤ ਕੀਤੇ ਜਾਣਗੇ
ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਵਿਭਾਗ ਨੇ ਮੱਧ ਪੂਰਬ ’ਚ ਵਧਦੇ ਤਣਾਅ ਦੇ ਮੱਦੇਨਜ਼ਰ ਮੱਧ ਪੂਰਬ ’ਚ ਲੜਾਕੂ ਜਹਾਜ਼ ਅਤੇ ਜਹਾਜ਼ਾਂ ਵਾਲੇ ਜੰਗੀ ਬੇੜੇ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਹ ਜਾਣਕਾਰੀ ਦਿਤੀ ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਈਰਾਨ ਅਤੇ ਉਸ ਦੇ ਸਹਿਯੋਗੀਆਂ ਦੇ ਸੰਭਾਵਤ ਹਮਲਿਆਂ ਤੋਂ ਇਜ਼ਰਾਈਲ ਦੀ ਰਾਖੀ ਕਰਨ ਅਤੇ ਅਮਰੀਕੀ ਫ਼ੌਜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੱਧ ਪੂਰਬ ’ਚ ਅਪਣੀ ਫੌਜੀ ਮੌਜੂਦਗੀ ਵਧਾਉਣ ਦਾ ਫੈਸਲਾ ਕੀਤਾ ਹੈ।
ਪੈਂਟਾਗਨ ਨੇ ਇਕ ਬਿਆਨ ਵਿਚ ਕਿਹਾ ਕਿ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਯੂਰਪ ਅਤੇ ਮੱਧ ਪੂਰਬ ਦੇ ਖੇਤਰਾਂ ਵਿਚ ਵਾਧੂ ਬੈਲਿਸਟਿਕ ਮਿਜ਼ਾਈਲਾਂ ਨਾਲ ਲੈਸ ਜਹਾਜ਼ਾਂ ਅਤੇ ਵਿਨਾਸ਼ਕਾਂ ਦਾ ਹੁਕਮ ਦਿਤਾ ਹੈ। ਆਸਟਿਨ ਉੱਥੇ ਜ਼ਮੀਨ ਆਧਾਰਤ ਵਾਧੂ ਬੈਲਿਸਟਿਕ ਮਿਜ਼ਾਈਲਾਂ ਭੇਜਣ ਲਈ ਵੀ ਕਦਮ ਚੁੱਕ ਰਿਹਾ ਹੈ।
ਮੱਧ ਪੂਰਬ ਵਿਚ ਅਪਣੀ ਫੌਜੀ ਮੌਜੂਦਗੀ ਵਧਾਉਣ ਦਾ ਫੈਸਲਾ ਅਮਰੀਕੀ ਨੇਤਾਵਾਂ ਦੀਆਂ ਚਿੰਤਾਵਾਂ ਦੇ ਵਿਚਕਾਰ ਆਇਆ ਹੈ ਕਿ ਹਾਲ ਹੀ ਵਿਚ ਹਮਾਸ ਅਤੇ ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦੇ ਮਾਰੇ ਜਾਣ ਨਾਲ ਖੇਤਰ ਵਿਚ ਹਿੰਸਾ ਵਧ ਸਕਦੀ ਹੈ ਕਿਉਂਕਿ ਦੋਹਾਂ ਵਿਦਰੋਹੀ ਸਮੂਹਾਂ ਅਤੇ ਈਰਾਨ ਨੇ ਜਵਾਬੀ ਕਾਰਵਾਈ ਦੀ ਧਮਕੀ ਦਿਤੀ ਹੈ।
ਵ੍ਹਾਈਟ ਹਾਊਸ ਮੁਤਾਬਕ ਬਾਈਡਨ ਨੇ ਵੀਰਵਾਰ ਦੁਪਹਿਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਫੋਨ ਕੀਤਾ ਅਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਦੇ ਸੰਭਾਵਤ ਹਮਲਿਆਂ ਤੋਂ ਇਜ਼ਰਾਈਲ ਨੂੰ ਬਚਾਉਣ ਲਈ ਖੇਤਰ ਵਿਚ ਅਮਰੀਕੀ ਫੌਜ ਦੀ ਮੌਜੂਦਗੀ ਵਧਾਉਣ ’ਤੇ ਚਰਚਾ ਕੀਤੀ।
ਅਪ੍ਰੈਲ ’ਚ ਅਮਰੀਕੀ ਫੌਜ ਨੇ ਈਰਾਨ ਵਲੋਂ ਇਜ਼ਰਾਈਲ ਵਲ ਸੁੱਟੀਆਂ ਗਈਆਂ ਦਰਜਨਾਂ ਮਿਜ਼ਾਈਲਾਂ ਅਤੇ ਡਰੋਨਾਂ ਦਾ ਪਤਾ ਲਗਾ ਕੇ ਹਮਲਿਆਂ ਨੂੰ ਰੋਕਿਆ ਸੀ। ਬੁਧਵਾਰ ਨੂੰ ਤਹਿਰਾਨ ਵਿਚ ਹਮਾਸ ਨੇਤਾ ਇਸਮਾਈਲ ਹਾਨੀਆ ਅਤੇ ਮੰਗਲਵਾਰ ਨੂੰ ਬੇਰੂਤ ਵਿਚ ਹਿਜ਼ਬੁੱਲਾ ਕਮਾਂਡਰ ਫੁਆਦ ਸ਼ੁਕੁਰ ਦੀ ਹੱਤਿਆ ਨੇ ਖੇਤਰ ਵਿਚ ਤਣਾਅ ਨੂੰ ਜੰਗ ਵਿਚ ਬਦਲਣ ਦਾ ਖਤਰਾ ਵਧਾ ਦਿਤਾ ਹੈ ਕਿਉਂਕਿ ਈਰਾਨ ਨੇ ਉਸ ਦੀ ਜ਼ਮੀਨ ’ਤੇ ਹਮਲਿਆਂ ਦਾ ਢੁਕਵਾਂ ਜਵਾਬ ਦੇਣ ਦੀ ਧਮਕੀ ਦਿਤੀ ਹੈ। ਇਜ਼ਰਾਈਲ ਨੇ ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਵਲੋਂ ਉਸ ਦੀ ਜ਼ਮੀਨ ’ਤੇ ਕੀਤੇ ਗਏ ਬੇਮਿਸਾਲ ਹਮਲੇ ਤੋਂ ਬਾਅਦ ਸਮੂਹ ਦੇ ਨੇਤਾਵਾਂ ਨੂੰ ਮਾਰਨ ਦਾ ਸੰਕਲਪ ਲਿਆ ਹੈ।
ਆਸਟਿਨ ਨੇ ਮੱਧ ਪੂਰਬ ’ਚ ਯੂ.ਐਸ.ਐਸ. ਅਬਰਾਹਿਮ ਲਿੰਕਨ ਜਹਾਜ਼ ਕੈਰੀਅਰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਜਹਾਜ਼ ਓਮਾਨ ਦੀ ਖਾੜੀ ’ਚ ਯੂ.ਐਸ.ਐਸ. ਥੀਓਡੋਰ ਰੂਜ਼ਵੈਲਟ ਦੀ ਥਾਂ ਲਵੇਗਾ। ਪੈਂਟਾਗਨ ਨੇ ਇਹ ਨਹੀਂ ਦਸਿਆ ਕਿ ਸਕੁਐਡਰਨ ਕਿੱਥੋਂ ਆਵੇਗਾ ਜਾਂ ਇਸ ਨੂੰ ਮੱਧ ਪੂਰਬ ਦੇ ਕਿਹੜੇ ਹਿੱਸੇ ਵਿਚ ਤਾਇਨਾਤ ਕੀਤਾ ਜਾਵੇਗਾ।