ਵਿਰੋਧੀ ਧਿਰ ’ਤੇ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ
ਸਿਓਲ : ਦਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਮੰਗਲਵਾਰ ਨੂੰ ਦੇਸ਼ ’ਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ ਕੀਤਾ ਅਤੇ ਵਿਰੋਧੀ ਧਿਰ ’ਤੇ ਸੰਸਦ ’ਤੇ ਹਾਵੀ ਹੋਣ, ਉੱਤਰੀ ਕੋਰੀਆ ਨਾਲ ਹਮਦਰਦੀ ਰੱਖਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ।
ਯੂਨ ਨੇ ਟੈਲੀਵਿਜ਼ਨ ’ਤੇ ਅਪਣੇ ਸੰਬੋਧਨ ’ਚ ਉੱਤਰੀ ਕੋਰੀਆ ਸਮਰਥਕ ਤਾਕਤਾਂ ਨੂੰ ਖਤਮ ਕਰਨ ਅਤੇ ਸੰਵਿਧਾਨਕ ਲੋਕਤੰਤਰੀ ਵਿਵਸਥਾ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ। ਹਾਲ ਹੀ ’ਚ, ਦੇਸ਼ ’ਚ ਯੂਨ ਦੀ ਪ੍ਰਸਿੱਧੀ ’ਚ ਕਮੀ ਆਈ ਹੈ। ਰਾਸ਼ਟਰਪਤੀ 2022 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਵਿਰੋਧੀ ਧਿਰ ’ਤੇ ਲੀਡ ਬਣਾਈ ਰੱਖਣ ਲਈ ਸੰਘਰਸ਼ ਕਰ ਰਹੇ ਹਨ।
ਯੂਨ ਦੀ ਕੰਜ਼ਰਵੇਟਿਵ ਪੀਪਲਜ਼ ਪਾਵਰ ਪਾਰਟੀ ਦਾ ਅਗਲੇ ਸਾਲ ਦੇ ਬਜਟ ਬਿਲ ਨੂੰ ਲੈ ਕੇ ਉਦਾਰਵਾਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨਾਲ ਟਕਰਾਅ ਚੱਲ ਰਿਹਾ ਹੈ। ਉਹ ਅਪਣੀ ਪਤਨੀ ਅਤੇ ਉੱਚ ਅਧਿਕਾਰੀਆਂ ਨਾਲ ਜੁੜੇ ਕਥਿਤ ਘਪਲਿਆਂ ਦੀ ਸੁਤੰਤਰ ਜਾਂਚ ਦੀ ਮੰਗ ਨੂੰ ਵੀ ਰੱਦ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਉਨ੍ਹਾਂ ਨੂੰ ਘੇਰਿਆ ਹੈ। ਯੂਨ ਦੇ ਐਲਾਨ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਅਪਣੇ ਸੰਸਦ ਮੈਂਬਰਾਂ ਦੀ ਐਮਰਜੈਂਸੀ ਬੈਠਕ ਬੁਲਾਈ ਹੈ।