ਸ਼ੇਖ ਹਸੀਨਾ ਦੀ ਸੀਟ ਲਈ ਗੋਬਿੰਦ ਦੀ ਨਾਮਜ਼ਦਗੀ ਰੱਦ
ਢਾਕਾ: ਬੰਗਲਾਦੇਸ਼ ’ਚ ਇਕ ਹਿੰਦੂ ਨੇਤਾ ਨੂੰ ਚੋਣਾਂ ਲੜਨ ਤੋਂ ਰੋਕ ਦਿਤਾ ਗਿਆ ਹੈ। ਬੰਗਲਾਦੇਸ਼ ’ਚ 12 ਫ਼ਰਵਰੀ ਨੂੰ ਵੋਟਾਂ ਪੈਣਗੀਆਂ। ਗੋਬਿੰਦ ਚੰਦਰ ਪ੍ਰਮਾਣਿਕ ਨੇ ਲੋਕ ਸਭਾ ਚੋਣਾਂ ਲਈ ਗੋਪਾਲਗੰਜ-3 ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਪਰ ਰਿਟਰਨਿੰਗ ਅਫਸਰ ਨੇ ਸਨਿਚਰਵਾਰ ਨੂੰ ਉਸ ਦਾ ਨਾਮਜ਼ਦਗੀ ਪੱਤਰ ਵਾਪਸ ਕਰ ਦਿਤਾ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਗੋਪਾਲਗੰਜ-3 ਤੋਂ ਸੰਸਦ ਮੈਂਬਰ ਰਹਿ ਚੁਕੇ ਹਨ। ਇੱਥੇ 50 ਫੀ ਸਦੀ ਤੋਂ ਵੱਧ ਹਿੰਦੂ ਵੋਟਰ ਹਨ। ਗੋਬਿੰਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦੇ ਸਨ। ਉਹ ਪੇਸ਼ੇ ਤੋਂ ਵਕੀਲ ਹੈ ਅਤੇ ਬੰਗਲਾਦੇਸ਼ ਜਾਤੀਆ ਹਿੰਦੂ ਮਹਾਜੋਤ (ਬੀ.ਜੇ.ਐਚ.ਐਮ.) ਨਾਮਕ ਸੰਗਠਨ ਦਾ ਜਨਰਲ ਸਕੱਤਰ ਵੀ ਹੈ। ਬੀ.ਜੇ.ਐਚ.ਐਮ. 23 ਸੰਗਠਨਾਂ ਦਾ ਹਿੰਦੂਤਵ ਗਠਜੋੜ ਹੈ, ਜੋ ਕੌਮੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨਾਲ ਜੁੜਿਆ ਹੋਇਆ ਹੈ।
ਮੀਡੀਆ ਰੀਪੋਰਟਾਂ ਮੁਤਾਬਕ ਗੋਬਿੰਦ ਨੇ ਕਿਹਾ ਕਿ ਬੰਗਲਾਦੇਸ਼ ’ਚ ਇਕ ਵਿਵਸਥਾ ਹੈ, ਜਿਸ ਮੁਤਾਬਕ ਆਜ਼ਾਦ ਉਮੀਦਵਾਰ ਨੂੰ ਅਪਣੇ ਇਲਾਕੇ ’ਚ 1 ਫੀ ਸਦੀ ਵੋਟਰਾਂ ਦੇ ਦਸਤਖ਼ਤ ਲੈ ਕੇ ਆਉਣੇ ਹੋਣਗੇ। ਉਸ ਨੇ ਨਿਯਮ ਦੀ ਪਾਲਣਾ ਕੀਤੀ ਸੀ ਅਤੇ 1٪ ਵੋਟਰਾਂ ਦੇ ਦਸਤਖਤ ਲੈ ਕੇ ਆਏ ਸਨ, ਪਰ ਬਾਅਦ ਵਿਚ ਉਹ ਵੋਟਰ ਰਿਟਰਨਿੰਗ ਅਫਸਰ ਕੋਲ ਆਏ ਅਤੇ ਕਿਹਾ ਕਿ ਉਨ੍ਹਾਂ ਦੇ ਦਸਤਖਤ ਲਏ ਹੀ ਨਹੀਂ ਗਏ।
ਗੋਬਿੰਦ ਨੇ ਦੋਸ਼ ਲਾਇਆ ਕਿ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਕਾਰਕੁਨਾਂ ਨੇ ਵੋਟਰਾਂ ਉਤੇ ਅਜਿਹਾ ਕਰਨ ਲਈ ਦਬਾਅ ਪਾਇਆ। ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਸਾਰੇ ਦਸਤਖਤਾਂ ਨੂੰ ਨਾਜਾਇਜ਼ ਐਲਾਨ ਦਿੰਦੇ ਹੋਏ ਨਾਮਜ਼ਦਗੀ ਰੱਦ ਕਰ ਦਿਤੀ।
ਗੋਬਿੰਦ ਨੇ ਦਾਅਵਾ ਕੀਤਾ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਅਪਣੀ ਜਿੱਤ ਦਾ ਭਰੋਸਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਗੋਪਾਲਗੰਜ ’ਚ 3 ਲੱਖ ਵੋਟਰਾਂ ਵਿਚੋਂ 51 ਫੀ ਸਦੀ ਹਿੰਦੂ ਹਨ।
ਬੀ.ਐਨ.ਪੀ. ਨੇ ਉਸ ਨੂੰ ਰਾਹ ਤੋਂ ਹਟਾ ਦਿਤਾ ਕਿਉਂਕਿ ਇੱਥੇ ਉਸ ਦੇ ਜਿੱਤਣ ਦੀ ਕੋਈ ਸੰਭਾਵਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗਾ। ਜੇਕਰ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਮੈਂ ਅਦਾਲਤ ’ਚ ਜਾਵਾਂਗਾ।
