
ਕਈ ਹਿੰਦੂ ਲਾਸ਼ਾਂ ਦਫਨਾਉਣ ਲਈ ਮਜਬੂਰ
ਇਸਲਾਮਾਬਾਦ : ਪਾਕਿਸਤਾਨ ਵਿਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਲਈ ਆਪਣੇ ਮ੍ਰਿਤਕ ਪਰਵਾਰ ਵਾਲਿਆਂ ਦੀਆਂ ਅਸਥੀਆਂ ਨੂੰ ਹਰਿਦੁਆਰ ਵਿਚ ਗੰਗਾ ਨਦੀ ਵਿਚ ਪ੍ਰਵਾਹਿਤ ਕਰਨ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਵਿਚ ਮ੍ਰਿਤਕ ਹਜ਼ਾਰਾਂ ਹਿੰਦੂਆਂ ਦੀਆਂ ਅਸਥੀਆਂ ਕਰਾਚੀ ਸਮੇਤ ਪੂਰੇ ਸਿੰਧ ਦੇ ਵੱਖ ਵੱਖ ਮੰਦਰਾਂ ਵਿਚ ਰੱਖੀਆਂ ਹੋਈਆਂ ਹਨ।
File Photo
ਪਾਕਿਸਤਾਨੀ ਹਿੰਦੂ ਇਨ੍ਹਾਂ ਅਸਥੀਆਂ ਨੂੰ ਭਾਰਤ ਲਿਜਾਣ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਦੇ ਸਾਬਕਾ ਹਿੰਦੂ ਸਾਂਸਦ ਕਾਂਜੀ ਰਾਮ ਚਾਵਲਾ ਨੇ ਭੇਜੇ ਇਕ ਸੰਦੇਸ਼ ਵਿਚ ਕਿਹਾ ਕਿ ਵੱਡੀ ਗਿਣਤੀ ਵਿਚ ਪਾਕਿਸਤਾਨੀ ਹਿੰਦੂਆਂ ਨੂੰ ਉਨ੍ਹਾਂ ਦੇ ਧਾਰਮਕ ਰੀਤੀ-ਰਿਵਾਜਾਂ ਮੁਤਾਬਕ ਆਪਣੇ ਪਰਿਵਾਰ ਵਾਲਿਆਂ ਦੀਆਂ ਅਸਥੀਆਂ ਗੰਗਾ ਨਦੀ ਵਿਚ ਪ੍ਰਵਾਹਿਤ ਕਰਨ ਦਾ ਇੰਤਜ਼ਾਰ ਹੈ।
File photo
ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕ ਹਿੰਦੂ ਸਮਝੌਤਾ ਐਕਸਪ੍ਰੈਸ ਜ਼ਰੀਏ ਦਿੱਲੀ ਪਹੁੰਚਦੇ ਸੀ। ਉਥੋਂ ਰੇਲਗੱਡੀ ਰਾਹੀਂ ਹਰਿਦੁਆਰ ਪਹੁੰਚ ਕੇ ਅਸਥੀਆਂ ਪ੍ਰਵਾਹਿਤ ਕਰਦੇ ਸਨ। ਪਾਕਿਸਤਾਨ ਵਿਚ ਹਿੰਦੂ ਧਰਮ ਮੁਤਾਬਕ ਅੰਤਮ ਸਸਕਾਰ ਕਰਨਾ ਬਹੁਤ ਮਹਿੰਗਾ ਹੋ ਗਿਆ ਹੈ। ਇਕ ਹਿੰਦੂ ਦੇ ਅੰਤਮ ਸੰਸਕਾਰ ਵਿਚ 20 ਤੋਂ 25 ਹਜ਼ਾਰ ਰੁਪਏ ਖਰਚ ਹੋ ਰਹੇ ਹਨ।
File Photo
ਅਸਥੀਆਂ ਨੂੰ ਗੰਗਾ ਵਿਚ ਤਾਰਨ ਲਈ ਕਈ ਦਿਨਾਂ ਤਕ ਵੀਜ਼ੇ ਦਾ ਇੰਤਜ਼ਾਰ ਕਰਨਾ, ਇਸਲਾਮਾਬਾਦ ਦੇ ਚੱਕਰ ਕੱਟਣਾ ਅਤੇ ਅਸਥੀਆਂ ਨੂੰ ਹਰਿਦੁਆਰ ਤਕ ਲਿਜਾਣ ਦਾ ਖਰਚ ਵੱਖਰਾ ਹੈ। ਇਸ ਲਈ ਜ਼ਿਆਦਾਤਰ ਪਾਕਿਸਤਾਨੀ ਹਿੰਦੂਆਂ ਨੇ ਸਨਾਤਨ ਧਰਮ ਦੀਆਂ ਪਰੰਪਰਾਵਾਂ ਵਿਰੁਧ ਲਾਸ਼ਾਂ ਨੂੰ ਦਫਨਾਉਣਾ ਸ਼ੁਰੂ ਕਰ ਦਿਤਾ ਹੈ।
File Photo
ਚਾਵਲਾ ਮੁਤਾਬਕ ਸਿੰਧ, ਖੈਬਰ ਪਖਤੂਨਖਵਾ ਅਤੇ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਮ੍ਰਿਤਕ ਦਾ ਅੰਤਮ ਸੰਸਕਾਰ ਕਰਨ ਵਾਲੇ ਹਿੰਦੂਆਂ ਵਿਚ ਇਸ ਗੱਲ ਦੀ ਮਾਨਸਿਕ ਪਰੇਸ਼ਾਨੀ ਹੈ ਕਿ ਉਹ ਅਸਥੀਆਂ ਗੰਗਾ ਵਿਚ ਪ੍ਰਵਾਹਿਤ ਨਹੀਂ ਕਰ ਪਾ ਰਹੇ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਵਰਤਮਾਨ ਵਿਚ ਪਾਕਿਸਤਾਨ ਵਿਚ 50 ਲੱਖ ਤੋਂ ਵੱਧ ਹਿੰਦੂ ਰਜਿਸਟਰਡ ਹਨ ਪਰ ਵਿਭਿੰਨ ਹਿੰਦੂ ਸੰਗਠਨਾਂ ਦਾ ਮੰਨਣਾ ਹੈ ਕਿ ਅਸਲੀ ਗਿਣਤੀ 90 ਲੱਖ ਤੋਂ ਵੱਧ ਹੈ।
File Photo
ਪਾਕਿਸਤਾਨ ਵਿਚ ਕੁੱਲ 80 ਫ਼ੀ ਸਦੀ ਆਬਾਦੀ ਹਿੰਦੂ ਘੱਟ ਗਿਣਤੀ ਅਤੇ ਹੋਰ ਛੋਟੀਆਂ ਜਾਤੀਆਂ ਦੀ ਹੈ। ਆਰਥਕ ਤੰਗੀ ਨਾਲ ਜੂਝ ਰਹੇ ਇਨ੍ਹਾਂ ਹਿੰਦੂਆਂ ਨੂੰ ਅੰਤਮ ਸਸਕਾਰ ਦੀ ਬਜਾਏ ਲਾਸ਼ਾਂ ਨੂੰ ਦਫਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਾਕਿਸਤਾਨ ਵਿਚ ਹਿੰਦੂਆਂ ਲਈ ਪਿੰਡਦਾਨ ਲਈ ਸਥਾਨ ਨਿਰਧਾਰਤ ਹਨ ਪਰ ਪਾਕਿਸਤਾਨੀ ਹਿੰਦੂ ਉੱਥੇ ਅਸਥੀਆਂ ਪ੍ਰਵਾਹਿਤ ਨਹੀਂ ਕਰਦੇ।
File Photo
ਪਾਕਿਸਤਾਨ ਵਿਚ ਜ਼ਿਆਦਾਤਰ ਹਿੰਦੂ ਹੈਦਰਾਬਾਦ, ਸਿੰਧ, ਭਾਨਪੁਰ ਅਤੇ ਮੀਰਪੁਰ ਖਾਸ ਡਿਵੀਜ਼ਨਾਂ ਵਿਚ ਰਹਿੰਦੇ ਹਨ। ਜਦਕਿ ਪੰਜਾਬ ਵਿਚ ਜ਼ਿਆਦਾਤਰ ਲੋਕ ਰਹੀਮ ਯਾਰ ਖਾਨ, ਬਹਾਵਲਪੁਰ, ਲਿਯਾਕਤਪੁਰ ਅਤੇ ਅਹਿਮਦ ਸ਼ਰੀਕਿਯਾ ਵਿਚ ਰਹਿੰਦੇ ਹਨ। ਇਨ੍ਹਾਂ ਖੇਤਰਾਂ ਵਿਚ ਹਿੰਦੂਆਂ ਕੋਲ ਜਾਂ ਤਾਂ ਇਕ ਆਮ ਸ਼ਮਸ਼ਾਨ ਘਾਟ ਹੈ ਜਾਂ ਹਰੇਕ ਜਾਤੀ ਲਈ ਇਕ ਵੱਖਰਾ ਸ਼ਮਸ਼ਾਨ ਘਾਟ ਹੈ।
ਚਾਵਲਾ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨੀ ਹਿੰਦੂਆਂ ਦੀ ਭਾਵਨਾ ਨੂੰ ਸਮਝਦੇ ਹੋਏ ਇਸ ਮੁੱਦੇ ਦਾ ਹੱਲ ਕਰਵਾਏ। ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਹਿੰਦੂਆਂ ਨੂੰ ਵੀਜ਼ਾ ਜਲਦੀ ਜਾਰੀ ਕਰੇ।