ਜਿਉਂਦੇ ਜੀਅ ਨਾ ਮਿਲ ਸਕੇ ਵਿਛੜੇ ਸਕੇ ਭਰਾਵਾਂ ਦੇ ਪਰਿਵਾਰਾਂ ਦਾ ਹੋਇਆ 75 ਸਾਲ ਬਾਅਦ ਮੇਲ
ਭਾਰਤ ਆਉਣ ਲਈ ਸਰਕਾਰ ਦੀ ਇਜਾਜ਼ਤ ਵਾਸਤੇ ਕੀਤੀ ਅਪੀਲ
ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਦੇ ਸਹਿਯੋਗ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਏ ਇਕੱਠੇ
ਨਨਕਾਣਾ ਸਾਹਿਬ (ਬਾਬਰ ਜਲੰਧਰੀ, ਕੋਮਲਜੀਤ ਕੌਰ) : 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਨਾ ਸਿਰਫ਼ ਇੱਕ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸਗੋਂ ਕਈ ਪਰਿਵਾਰ ਵੀ ਟੁਕੜੇ-ਟੁਕੜੇ ਹੋ ਗਏ। ਇਸੇ ਵੰਡ ਦੌਰਾਨ ਵੱਖ ਹੋਏ ਦੋ ਸਿੱਖ ਭਰਾਵਾਂ ਦੇ ਪਰਿਵਾਰ 75 ਸਾਲਾਂ ਬਾਅਦ ਮੁੜ ਇਕੱਠੇ ਹੋਏ।
ਇਸ ਭਾਵੁਕ ਪਲ ਦੌਰਾਨ, ਉਨ੍ਹਾਂ ਨੇ ਗੀਤ ਗਾਏ ਅਤੇ ਇੱਕ ਦੂਜੇ 'ਤੇ ਫੁੱਲਾਂ ਦੀ ਵਰਖਾ ਕੀਤੀ। ਇਹ ਸਭ ਸੋਸ਼ਲ ਮੀਡੀਆ ਦੀ ਬਦੌਲਤ ਹੀ ਸੰਭਵ ਹੋਇਆ ਹੈ। ਇਸ ਮੁਲਾਕਾਤ ਲਈ ਗੁਰਦੇਵ ਸਿੰਘ ਅਤੇ ਦਇਆ ਸਿੰਘ ਦੇ ਪਰਿਵਾਰ ਵੀਰਵਾਰ ਨੂੰ ਕਰਤਾਰਪੁਰ ਲਾਂਘੇ 'ਤੇ ਪਹੁੰਚੇ ਸਨ। ਇਹ ਮੁਲਾਕਾਤ ਪਾਕਿਸਤਾਨ ਦੇ ਯੂਟਿਊਬਰ ਨਾਸਿਰ ਢਿੱਲੋਂ ਦੀ ਬਦੌਲਤ ਹੀ ਹੋਈ ਹੈ ਕਿਉਂਕਿ ਇਨ੍ਹਾਂ ਪਰਿਵਾਰਾਂ ਵਲੋਂ ਨਾਸਿਰ ਢਿੱਲੋਂ ਨੂੰ ਅਪੀਲ ਕੀਤੀ ਸੀ ਕਿ ਸਾਡੇ ਵਿਛੜੇ ਪਰਿਵਾਰ ਨੂੰ ਲੱਭਿਆ ਜਾਵੇ।
ਪੜ੍ਹੋ ਪੂਰੀ ਖ਼ਬਰ : ਹਰਿਆਣਾ ਰੋਡਵੇਜ਼ ਨੂੰ 5 ਰੁਪਏ ਵੱਧ ਕਿਰਾਇਆ ਵਸੂਲਣਾ ਪਿਆ ਮਹਿੰਗਾ , ਚੰਡੀਗੜ੍ਹ ਖ਼ਪਤਕਾਰ ਕਮਿਸ਼ਨ ਨੇ ਹਰਜਾਨਾ ਭਰਨ ਦਾ ਸੁਣਾਇਆ ਹੁਕਮ
ਇਨ੍ਹਾਂ ਪਰਿਵਾਰਾਂ ਦੀ ਭਾਵੁਕ ਮੁਲਾਕਾਤ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ। ਉਨ੍ਹਾਂ ਨੇ ਖੁਸ਼ੀ ਵਿੱਚ ਗੀਤ ਗਾਏ ਅਤੇ ਇੱਕ ਦੂਜੇ ਉੱਤੇ ਫੁੱਲਾਂ ਦੀ ਵਰਖਾ ਕੀਤੀ। ਦੋਵੇਂ ਭਰਾ ਹਰਿਆਣਾ ਦੇ ਰਹਿਣ ਵਾਲੇ ਸਨ ਅਤੇ ਵੰਡ ਸਮੇਂ ਮਹਿੰਦਰਗੜ੍ਹ ਜ਼ਿਲ੍ਹੇ ਦੇ ਗੋਮਲਾ ਪਿੰਡ ਵਿੱਚ ਆਪਣੇ ਸਵਰਗੀ ਪਿਤਾ ਦੇ ਦੋਸਤ ਕਰੀਮ ਬਖਸ਼ ਨਾਲ ਰਹਿੰਦੇ ਸਨ। ਬਖਸ਼ ਵੱਡੇ ਭਰਾ ਗੁਰਦੇਵ ਸਿੰਘ ਨਾਲ ਪਾਕਿਸਤਾਨ ਚਲਾ ਗਿਆ ਜਦੋਂਕਿ ਛੋਟਾ ਭਰਾ ਦਇਆ ਸਿੰਘ ਹਰਿਆਣਾ ਵਿਚ ਆਪਣੇ ਮਾਮੇ ਕੋਲ ਰਿਹਾ।
ਪਾਕਿਸਤਾਨ ਜਾਣ ਤੋਂ ਬਾਅਦ, ਬਖਸ਼ ਪੰਜਾਬ ਸੂਬੇ ਵਿਚ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਝੰਗ ਜ਼ਿਲ੍ਹੇ ਵਿਚ ਆ ਵਸਿਆ ਅਤੇ ਗੁਰਦੇਵ ਸਿੰਘ ਦਾ ਮੁਸਲਮਾਨ ਨਾਂ ਬਦਲ ਕੇ ਗੁਲਾਮ ਮੁਹੰਮਦ ਰੱਖ ਲਿਆ। ਗੁਰਦੇਵ ਸਿੰਘ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਗੁਰਦੇਵ ਸਿੰਘ ਦੇ ਪੁੱਤਰ ਮੁਹੰਮਦ ਸ਼ਰੀਫ ਨੇ ਮੀਡੀਆ ਨੂੰ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੇ ਪਿਤਾ ਨੇ ਭਾਰਤ ਸਰਕਾਰ ਨੂੰ ਕਈ ਪੱਤਰ ਲਿਖ ਕੇ ਉਨ੍ਹਾਂ ਦੇ ਭਰਾ ਦਇਆ ਸਿੰਘ ਦਾ ਪਤਾ ਲਗਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ, 'ਛੇ ਮਹੀਨੇ ਪਹਿਲਾਂ ਅਸੀਂ ਸੋਸ਼ਲ ਮੀਡੀਆ ਰਾਹੀਂ ਚਾਚਾ ਦਇਆ ਸਿੰਘ ਨੂੰ ਲੱਭਣ ਵਿਚ ਕਾਮਯਾਬ ਹੋਏ ਸੀ।'
ਪੜ੍ਹੋ ਪੂਰੀ ਖ਼ਬਰ : ਟਾਂਡਾ ਵਿਖੇ ਲੁੱਟ ਦੀ ਖ਼ੌਫ਼ਨਾਕ ਵਾਰਦਾਤ ਦੌਰਾਨ ਦੋ ਬੱਚਿਆਂ ਦੀ ਮੌਤ
ਇਸ ਮੌਕੇ ਗੱਲਬਾਤ ਕਰਦਿਆਂ ਕਮਲਜੀਤ ਕੌਰ ਨੇ ਦੱਸਿਆ ਕਿ ਵੰਡ ਵੇਲੇ ਮੇਰੇ ਸਹੁਰਾ ਪਰਿਵਾਰ ਭਾਰਤ ਚਲਾ ਗਿਆ ਅਤੇ ਉਨ੍ਹਾਂ ਦੇ ਚਚੇਰੇ ਭਰਾ ਵੱਖ ਹੋ ਕੇ ਪਾਕਿਸਤਾਨ ਰਹਿ ਗਏ ਸਨ। ਇਹ 75 ਸਾਲ ਦਾ ਵਿਛੋੜਾ ਅੱਜ ਅਕਾਲ ਪੁਰਖ਼ ਅਤੇ ਨਾਸਿਰ ਢਿੱਲੋਂ ਦੀ ਬਦੌਲਤ ਖਤਮ ਹੋਇਆ ਹੈ। ਕਮਲਜੀਤ ਕੌਰ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਾਮਨਾ ਕੀਤੀ ਕਿ ਇਸੇ ਤਰ੍ਹਾਂ ਹਰ ਪਰਿਵਾਰ ਦਾ ਮਿਲਾਪ ਹੋਵੇ ਅਤੇ ਵਿਛੋੜੇ ਖਤਮ ਹੋ ਜਾਣ।
ਉਨ੍ਹਾਂ ਕਿਹਾ ਕਿ ਸਾਡੇ ਮਾਂ-ਬਾਪ ਤਾਂ ਵਿਛੜ ਗਏ ਸਨ ਪਰ ਅਸੀਂ ਭੈਣ-ਭਰਾ ਇਕੱਠੇ ਹੋ ਗਏ ਹਾਂ ਅਤੇ ਸਾਡੇ ਬੱਚਿਆਂ ਲਈ ਵੀ ਅੱਗੇ ਮਿਲਣ ਦਾ ਰਾਹ ਖੁੱਲ੍ਹ ਗਿਆ ਹੈ। ਇਸ ਮੌਕੇ ਪਰਿਵਾਰ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਮੀਡੀਆ ਨੇ ਉਨ੍ਹਾਂ ਦਾ ਮਿਲਾਪ ਕਰਵਾਇਆ ਹੈ ਉਸੇ ਤਰੀਕੇ ਸਰਕਾਰਾਂ ਵੀ ਸਾਡੇ ਇਸ ਵਖਰੇਵੇਂ ਨੂੰ ਦੂਰ ਕਰਨ ਅਤੇ ਸਾਨੂੰ ਭਾਰਤ ਜਾਣ ਦੀ ਇਜਾਜ਼ਤ ਦਿਤੀ ਜਾਵੇ।