
ਇਕ ਅਰਬ ਡਾਲਰ ਤੋਂ ਵੱਧ ਦੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਪਲਾਈ ਨੂੰ ਪ੍ਰਭਾਵਤ ਕਰੇਗਾ।
ਨਿਊਯਾਰਕ/ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਨੂੰ ਦਿਤੀ ਜਾਣ ਵਾਲੀ ਸਾਰੀ ਅਮਰੀਕੀ ਫੌਜੀ ਸਹਾਇਤਾ ਨੂੰ ਤੁਰਤ ਪ੍ਰਭਾਵ ਨਾਲ ਅਸਥਾਈ ਤੌਰ ’ਤੇ ਰੋਕ ਦਿਤਾ ਹੈ। ਟਰੰਪ ਦਾ ਇਹ ਫੈਸਲਾ ਓਵਲ ਆਫਿਸ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਬੇਮਿਸਾਲ ਟਕਰਾਅ ਤੋਂ ਬਾਅਦ ਆਇਆ ਹੈ।
‘ਨਿਊਯਾਰਕ ਟਾਈਮਜ਼’ ਦੀ ਇਕ ਰੀਪੋਰਟ ਵਿਚ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਰੰਪ ਨੇ ਯੂਕਰੇਨ ਨੂੰ ਦਿਤੀ ਜਾਣ ਵਾਲੀ ਸਾਰੀ ਅਮਰੀਕੀ ਫੌਜੀ ਸਹਾਇਤਾ ਸਪਲਾਈ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿਤਾ ਹੈ ਅਤੇ ਇਹ ਹੁਕਮ ਤੁਰਤ ਪ੍ਰਭਾਵ ਨਾਲ ਇਕ ਅਰਬ ਡਾਲਰ ਤੋਂ ਵੱਧ ਦੇ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਪਲਾਈ ਨੂੰ ਪ੍ਰਭਾਵਤ ਕਰੇਗਾ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਵ੍ਹਾਈਟ ਹਾਊਸ ਵਿਚ ਅਮਰੀਕੀ ਨੇਤਾ ਅਤੇ ਉਨ੍ਹਾਂ ਦੇ ਸੀਨੀਅਰ ਕੌਮੀ ਸੁਰੱਖਿਆ ਸਹਿਯੋਗੀਆਂ ਵਿਚਾਲੇ ਕਈ ਬੈਠਕਾਂ ਤੋਂ ਬਾਅਦ ਅਮਰੀਕਾ ਨੂੰ ਦਿਤੀ ਜਾਣ ਵਾਲੀ ਫੌਜੀ ਸਹਾਇਤਾ ਨੂੰ ਰੋਕਣ ਦਾ ਫੈਸਲਾ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਇਹ ਹੁਕਮ ਉਦੋਂ ਤਕ ਲਾਗੂ ਰਹੇਗਾ ਜਦੋਂ ਤਕ ਟਰੰਪ ਇਹ ਨਿਰਧਾਰਤ ਨਹੀਂ ਕਰਦੇ ਕਿ ਯੂਕਰੇਨ ਰੂਸ ਨਾਲ ਸ਼ਾਂਤੀਵਾਰਤਾ ਲਈ ਵਚਨਬੱਧ ਹੈ।
ਇਸ ਫਰਮਾਨ ਨੇ ‘ਯੂਕਰੇਨ ਸੁਰੱਖਿਆ ਸਹਾਇਤਾ ਪਹਿਲਕਦਮੀ ਰਾਹੀਂ ਦਿਤੀ ਜਾਣ ਵਾਲੀ ਕਰੋੜਾਂ ਅਮਰੀਕੀ ਡਾਲਰ ਦੀ ਸਹਾਇਤਾ ਨੂੰ ਵੀ ਰੋਕ ਦਿਤਾ ਹੈ। ਇਸ ਪਹਿਲ ਦੇ ਜ਼ਰੀਏ ਫੰਡ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਯੂਕਰੇਨ ਇਸ ਦੀ ਵਰਤੋਂ ਸਿਰਫ ਅਮਰੀਕੀ ਰੱਖਿਆ ਕੰਪਨੀਆਂ ਤੋਂ ਸਿੱਧੇ ਤੌਰ ’ਤੇ ਨਵੇਂ ਮਿਲਟਰੀ ਹਾਰਡਵੇਅਰ ਖਰੀਦਣ ਲਈ ਕਰ ਸਕਦਾ ਹੈ।’
ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਰੂਸ ਵਲੋਂ 24 ਫ਼ਰਵਰੀ 2022 ਨੂੰ ਯੂਕਰੇਨ ’ਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ ਹੁਣ ਤਕ 65.9 ਅਰਬ ਡਾਲਰ ਦੀ ਫੌਜੀ ਸਹਾਇਤਾ ਦਿਤੀ ਹੈ ਅਤੇ 2014 ’ਚ ਰੂਸ ਦੇ ਯੂਕਰੇਨ ’ਤੇ ਸ਼ੁਰੂਆਤੀ ਹਮਲੇ ਤੋਂ ਬਾਅਦ ਲਗਭਗ 69.2 ਅਰਬ ਡਾਲਰ ਦੀ ਫੌਜੀ ਸਹਾਇਤਾ ਦਿਤੀ ਹੈ।
ਯੂਕਰੇਨ ਨੂੰ ਤਾਜ਼ਾ ਝਟਕਾ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ ਦੇ ਰੂਸ ਨਾਲ ਜੰਗ ਦੀ ਤੀਜੀ ਵਰ੍ਹੇਗੰਢ ’ਤੇ ਜ਼ੇਲੈਂਸਕੀ ਨਾਲ ਟਕਰਾਅ ਤੋਂ ਕੁੱਝ ਦਿਨ ਬਾਅਦ ਆਇਆ ਹੈ। ਜ਼ੇਲੈਂਸਕੀ ਨੇ ਪਿਛਲੇ ਸ਼ੁਕਰਵਾਰ ਨੂੰ ਵ੍ਹਾਈਟ ਹਾਊਸ ਦਾ ਦੌਰਾ ਕੀਤਾ ਸੀ ਅਤੇ ਦੋਵੇਂ ਦੇਸ਼ ਇਕ ਦੁਰਲੱਭ ਖਣਿਜ ਸਮਝੌਤੇ ’ਤੇ ਦਸਤਖਤ ਕਰਨ ਵਾਲੇ ਸਨ। ਪਰ ਟਰੰਪ ਅਤੇ ਜ਼ੇਲੈਂਸਕੀ ਵਿਚਾਲੇ ਗੱਲਬਾਤ ਗਲੋਬਲ ਮੀਡੀਆ ਦੇ ਸਾਹਮਣੇ ਗਰਮ ਬਹਿਸ ਵਿਚ ਬਦਲ ਗਈ।