
ਬੀਤੇ ਦਿਨੀਂ ਸੀ.ਐਮ.ਆਰ. ਪ੍ਰੋਡਕਸ਼ਨ ਫ਼ਾਰ ਯੂ ਅਤੇ ਸੰਦੀਪ ਭੱਟੀ, ਯਾਦਵਿੰਦਰ ਬਰਾੜ ਅਤੇ ਮਨਦੀਪ ਸਿੰਘ ਵਲੋਂ ਪ੍ਰਸਿੱਧ ਪਾਕਿਸਤਾਨੀ ਗਾਇਕ ਆਰਿਫ਼ ਲੋਹਾਰ ਦੀ ਗਾਇਕੀ ਦਾ ਇਕ....
ਵਿਨੀਪੈਗ, 22 ਜੁਲਾਈ (ਸੁਰਿੰਦਰ ਮਾਵੀ) : ਬੀਤੇ ਦਿਨੀਂ ਸੀ.ਐਮ.ਆਰ. ਪ੍ਰੋਡਕਸ਼ਨ ਫ਼ਾਰ ਯੂ ਅਤੇ ਸੰਦੀਪ ਭੱਟੀ, ਯਾਦਵਿੰਦਰ ਬਰਾੜ ਅਤੇ ਮਨਦੀਪ ਸਿੰਘ ਵਲੋਂ ਪ੍ਰਸਿੱਧ ਪਾਕਿਸਤਾਨੀ ਗਾਇਕ ਆਰਿਫ਼ ਲੋਹਾਰ ਦੀ ਗਾਇਕੀ ਦਾ ਇਕ ਸ਼ੋਅ ਵਿਨੀਪੈਗ ਦੇ ਕਲੱਬ ਰੀਜੰਟ ਕੈਸੀਨੋ 'ਚ ਕਰਵਾਇਆ ਗਿਆ, ਜਿਸ ਨੂੰ ਇਥੇ ਵੱਸਦੇ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਵਲੋਂ ਬੇਹੱਦ ਸਲਾਹਿਆ ਗਿਆ।
'ਅੱਲ੍ਹਾ ਵਾਲਿਆਂ ਦੀ ਜੁਗਨੀ ਜੀ', ਜੋ ਕਿ ਇਥੇ ਵੱਸਦੇ ਭਾਰਤੀ ਅਤੇ ਪਾਕਿਸਤਾਨੀ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੈ, ਵਾਲੇ ਗਾਇਕ ਨੂੰ ਵੇਖਣ ਲਈ ਲੋਕਾਂ ਦੀ ਬਹੁਤ ਭੀੜ ਸੀ। ਹੈਰੀ ਨੇ ਪ੍ਰੋਗਰਾਮ ਦਾ ਆਰੰਭ 'ਕਦੀ ਤਾਂ ਹੱਸ ਬੋਲ ਵੇ' ਗੀਤ ਗਾ ਕੇ ਕੀਤਾ। ਆਰਿਫ਼ ਲੋਹਾਰ ਜਦੋਂ ਅਪਣੀ ਪੂਰੀ ਟੀਮ ਨਾਲ ਸੰਗੀਤ ਦੀਆਂ ਧੁਨਾਂ 'ਤੇ ਹੱਥ ਵਿਚ ਚਿਮਟਾ ਫੜ ਕੇ ਸਟੇਜ 'ਤੇ ਆਇਆ ਤਾਂ ਹਾਜ਼ਰ ਲੋਕਾਂ ਨੇ ਤਾੜੀਆਂ ਨਾਲ ਉਸ ਦਾ ਭਰਵਾਂ ਸਵਾਗਤ ਕੀਤਾ।
ਆਰਿਫ਼ ਲੋਹਾਰ ਨੇ ਸ਼ੁਰੂਆਤ ਇਕ ਸੂਫ਼ੀ ਕਲਾਮ ਤੋਂ ਕੀਤੀ। ਇਸ ਉਪਰੰਤ ਲੋਕਾਂ ਦੀ ਫ਼ਰਮਾਇਸ਼ 'ਤੇ 'ਅੱਲ੍ਹਾ ਵਾਲਿਆਂ ਦੀ ਜੁਗਨੀ ਜੀ', 'ਓ ਬੋਲ ਮਿੱਟੀ ਦਿਆਂ ਬਾਵਿਆ', 'ਇਕ ਫੁਲ ਮੋਤੀਏ ਦਾ', 'ਛੱਲਾ', 'ਪੰਜਾਬੀਆਂ ਦੇ ਬੱਲੇ ਵੀ ਬੱਲੇ', 'ਦਮਾ ਦਮ ਮਸਤ ਕਲੰਦਰ' ਸਮੇਤ ਹੋਰ ਕਈ ਸੂਫ਼ੀ, ਲੋਕ ਗੀਤ ਅਤੇ ਟੱਪੇ ਬੋਲੀਆਂ ਗਾ ਕੇ ਲੋਕਾਂ ਨੂੰ ਝੂਮਣ ਲਗਾ ਦਿਤਾ। ਮਿਸ ਫੈਜੀਆ ਨੇ ਵੀ 'ਸੱਜਣਾਂ ਤੇਰੀ ਯਾਦ ਸਤਾਵੇ' ਗੀਤ ਨਾਲ ਅਪਣੀ ਹਾਜ਼ਰੀ ਲੁਆਈ। ਢੋਲੀ ਨੇ ਅਪਣੀ ਪੇਸ਼ਕਾਰੀ ਨਾਲ ਖੂਬ ਰੰਗ ਬੰਨ੍ਹਿਆ। ਇਸ ਮੌਕੇ ਉਸ ਦਾ ਪੁੱਤਰ ਵੀ ਨਾਲੋ-ਨਾਲ ਚਿਮਟਾ ਵਜਾ ਰਿਹਾ ਸੀ।