
Islamabad News : ‘ਆਪਰੇਸ਼ਨ ਸੰਧੂਰ’ ਮਗਰੋਂ ਭਾਰਤ ਦਾ ਪਾਕਿਸਤਾਨ ਨਾਲ ਅਪਣੀ ਕਿਸਮ ਦਾ ਪਹਿਲਾ ਵੱਡਾ ਸੰਪਰਕ
Islamabad News in Punjabi : ਭਾਰਤ ਨੇ ਪਾਕਿਸਤਾਨ ਨੂੰ ਤਵੀ ਨਦੀ ’ਚ ਸੰਭਾਵਤ ਹੜ੍ਹ ਨੂੰ ਲੈ ਕੇ ਚੌਕਸ ਕਰ ਦਿਤਾ ਹੈ, ਭਾਵੇਂ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ (ਆਈ.ਡਬਲਿਊ.ਟੀ.) ਅਜੇ ਵੀ ਮੁਲਤਵੀ ਹੈ।
ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ‘ਦਿ ਨਿਊਜ਼’ ਨੇ ਦਸਿਆ ਕਿ ਭਾਰਤ ਨੇ ਸੰਭਾਵਤ ਹੜ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪਾਕਿਸਤਾਨ ਨਾਲ ਸੰਪਰਕ ਕੀਤਾ ਹੈ। ਭਾਰਤ ਜਾਂ ਪਾਕਿਸਤਾਨ ਵਲੋਂ ਇਸ ਵਿਕਾਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਆਮ ਤੌਰ ਉਤੇ ਅਜਿਹੀਆਂ ਜਾਣਕਾਰੀਆਂ ਸਿੰਧੂ ਜਲ ਕਮਿਸ਼ਨਰ ਰਾਹੀਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਦਾਅਵਾ ਕੀਤਾ ਕਿ ਭਾਰਤ ਨੇ ਜੰਮੂ ’ਚ ਤਵੀ ਨਦੀ ’ਚ ਸੰਭਾਵਤ ਵੱਡੇ ਹੜ੍ਹ ਬਾਰੇ ਪਾਕਿਸਤਾਨ ਨੂੰ ਚੌਕਸ ਕਰ ਦਿਤਾ ਹੈ। ਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਅਲਰਟ ਜਾਰੀ ਕੀਤਾ।
ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮਈ ਵਿਚ ਪਾਕਿਸਤਾਨ-ਭਾਰਤ ਸੰਘਰਸ਼ ਤੋਂ ਬਾਅਦ ਇਹ ਅਪਣੀ ਕਿਸਮ ਦਾ ਪਹਿਲਾ ਵੱਡਾ ਸੰਪਰਕ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ ਵਲੋਂ ਦਿਤੀ ਗਈ ਜਾਣਕਾਰੀ ਦੇ ਆਧਾਰ ਉਤੇ ਚੇਤਾਵਨੀ ਜਾਰੀ ਕੀਤੀ ਹੈ। 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਇਕ ਦਿਨ ਬਾਅਦ ਭਾਰਤ ਨੇ ਪਾਕਿਸਤਾਨ ਵਿਰੁਧ ਕਈ ਦੰਡਾਤਮਕ ਕਦਮ ਚੁਕੇ ਸਨ, ਜਿਨ੍ਹਾਂ ਵਿਚ 1960 ਦੀ ਸਿੰਧੂ ਜਲ ਸੰਧੀ ਨੂੰ ‘ਮੁਲਤਵੀ’ ਕਰਨਾ ਸ਼ਾਮਲ ਸੀ।
ਵਿਸ਼ਵ ਬੈਂਕ ਦੀ ਦਖਲਅੰਦਾਜ਼ੀ ਨਾਲ ਸਿੰਧੂ ਜਲ ਸਮਝੌਤੇ ਨੇ 1960 ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਵੰਡ ਅਤੇ ਵਰਤੋਂ ਨੂੰ ਨਿਯੰਤਰਿਤ ਕੀਤਾ ਹੈ। ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਨੇ 30 ਅਗੱਸਤ ਤਕ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਭਾਰੀ ਬਾਰਸ਼ ਦੀ ਚੇਤਾਵਨੀ ਦਿਤੀ ਹੈ।
ਐਨ.ਡੀ.ਐਮ.ਏ. ਦੀ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ 26 ਜੂਨ ਤੋਂ 20 ਅਗੱਸਤ ਤਕ ਮੌਨਸੂਨ ਦੇ ਦੌਰ ਤੋਂ ਜੂਝ ਰਿਹਾ ਹੈ, ਜਿਸ ਵਿਚ ਸਨਿਚਰਵਾਰ ਤਕ 788 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ 1,018 ਜ਼ਖਮੀ ਹੋਏ ਸਨ।
(For more news apart from India warns Pakistan over possible flooding in Tawi river News in Punjabi, stay tuned to Rozana Spokesman)