
ਪੁਲਾੜ ਯਾਤਰੀਆਂ ਦੀ ਚਾਰ ਮੈਂਬਰੀ ਟੀਮ 'ਚ ਪਹਿਲੀ ਵਾਰ ਇੱਕ ਔਰਤ ਨੂੰ ਕੀਤਾ ਗਿਆ ਸ਼ਾਮਲ
ਪਹਿਲਾ ਗ਼ੈਰ ਗੋਰਾ ਪੁਲਾੜ ਯਾਤਰੀ ਵਿਕਟਰ ਗਲੋਵਰ ਵੀ ਬਣਿਆ ਕਰੂ ਦਾ ਮੈਂਬਰ
ਅਗਲੇ ਸਾਲ ਲਾਂਚ ਕੀਤਾ ਜਾਵੇਗਾ Artemis II
ਰਿਡ ਵਾਈਸਮੈਨ
(ਕਮਾਂਡਰ)
ਵਿਕਟਰ ਗਲੋਵਰ
(ਪਾਇਲਟ)
ਕ੍ਰਿਸਟੀਨਾ ਐਚ. ਕੋਚ
(ਮਿਸ਼ਨ ਸਪੈਸ਼ਲਿਸਟ)
ਜੇਰੇਮੀ ਹੈਨਸਨ
(ਮਿਸ਼ਨ ਸਪੈਸ਼ਲਿਸਟ)
ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਚੰਨ ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਚਾਰ ਚੁਣੇ ਗਏ ਪੁਲਾੜ ਯਾਤਰੀ ਅਗਲੇ ਸਾਲ ਦੇ ਅੰਤ ਤੱਕ ਚੰਦਰਮਾ ਦਾ ਚੱਕਰ ਲਗਾਉਣ ਤੋਂ ਬਾਅਦ ਧਰਤੀ 'ਤੇ ਵਾਪਸ ਆਉਣਗੇ। ਇਨ੍ਹਾਂ ਪੁਲਾੜ ਯਾਤਰੀਆਂ ਵਿੱਚ ਇੱਕ ਔਰਤ ਅਤੇ ਤਿੰਨ ਪੁਰਸ਼ ਸ਼ਾਮਲ ਹਨ।
ਨਾਸਾ ਚੰਦਰਮਾ ਦੇ ਨੇੜੇ ਜਾਣ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਿਹਾ ਹੈ। ਅਪੋਲੋ ਮਿਸ਼ਨ ਤੋਂ ਬਾਅਦ ਪਹਿਲੀ ਵਾਰ ਮਨੁੱਖ ਚੰਦਰਮਾ 'ਤੇ ਜਾਵੇਗਾ। ਨੀਲ ਆਰਮਸਟ੍ਰਾਂਗ ਅਤੇ ਐਡਵਿਨ ਬੱਜ ਐਲਡਰੋਨ ਜੂਨੀਅਰ ਚੰਦਰਮਾ 'ਤੇ ਉਤਰਨ ਵਾਲੇ ਪਹਿਲੇ ਵਿਅਕਤੀ ਸਨ। ਦੋਵਾਂ ਪੁਲਾੜ ਯਾਤਰੀਆਂ ਨੇ ਚੰਦਰਮਾ 'ਤੇ ਉਤਰ ਕੇ ਇਤਿਹਾਸ ਰਚਿਆ। ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਵੀ ਇਤਿਹਾਸ ਰਚਣ ਦੀ ਤਿਆਰੀ ਕਰ ਰਹੀ ਹੈ। ਨਾਸਾ ਵਲੋਂ ਇਸ ਮਿਸ਼ਨ ਲਈ ਉਨ੍ਹਾਂ ਚਾਰ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਜੋ ਆਰਟੇਮਿਸ-2 ਮਿਸ਼ਨ 'ਤੇ ਉਡਾਣ ਭਰਨਗੇ।
ਇਨ੍ਹਾਂ ਪੁਲਾੜ ਯਾਤਰੀਆਂ ਵਿੱਚੋਂ ਤਿੰਨ ਅਮਰੀਕੀ ਅਤੇ ਇੱਕ ਕੈਨੇਡੀਅਨ ਹੈ। ਇਨ੍ਹਾਂ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਹਿਊਸਟਨ ਵਿੱਚ ਇੱਕ ਸਮਾਗਮ ਦੌਰਾਨ ਕੀਤਾ ਗਿਆ। ਅਪੋਲੋ ਮਿਸ਼ਨ ਦੇ 50 ਸਾਲ ਬਾਅਦ, ਇੱਕ ਇਨਸਾਨ ਚੰਦਰਮਾ ਦਾ ਚੱਕਰ ਲਗਾਏਗਾ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਨੇੜੇ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ
ਚਾਰ ਪੁਲਾੜ ਯਾਤਰੀ ਨਾਸਾ ਦੇ 'ਓਰੀਅਨ ਕੈਪਸੂਲ' 'ਤੇ ਸਵਾਰ ਹੋਣ ਵਾਲੇ ਪਹਿਲੇ ਵਿਅਕਤੀ ਹੋਣਗੇ, ਜੋ 2024 ਦੇ ਅੰਤ ਤੋਂ ਪਹਿਲਾਂ ਕੈਨੇਡੀ ਸਪੇਸ ਸੈਂਟਰ ਤੋਂ 'ਸਪੇਸ ਲਾਂਚ ਸਿਸਟਮ ਰਾਕੇਟ' 'ਤੇ ਲਾਂਚ ਕਰਨਗੇ। ਨਾਸਾ ਨੇ ਦੱਸਿਆ ਕਿ ਇਨ੍ਹਾਂ ਚਾਰ ਪੁਲਾੜ ਯਾਤਰੀਆਂ 'ਚ ਅਮਰੀਕਾ ਦੀ ਕ੍ਰਿਸਟੀਨਾ ਐਚ. ਕੋਚ, ਕੈਨੇਡਾ ਦੇ ਜੇਰੇਮੀ ਹੈਨਸਨ, ਅਮਰੀਕੀ ਨਾਗਰਿਕ ਵਿਕਟਰ ਗਲੋਵਰ ਅਤੇ ਰਿਡ ਵਾਈਸਮੈਨ ਸ਼ਾਮਲ ਹਨ।
ਇਹ ਮਿਸ਼ਨ ਲਗਭਗ 10 ਦਿਨਾਂ ਦਾ ਹੋਵੇਗਾ। ਇਸ ਦੌਰਾਨ ਸਾਰੇ ਪੁਲਾੜ ਯਾਤਰੀ ਚੰਦਰਮਾ ਦੇ ਦੁਆਲੇ ਘੁੰਮਣਗੇ।ਉਹ ਚੰਦਰਮਾ ਦੀ ਸਤ੍ਹਾ 'ਤੇ ਨਹੀਂ ਉਤਰਨਗੇ ਅਤੇ ਫਿਰ ਧਰਤੀ 'ਤੇ ਵਾਪਸ ਆਉਣਗੇ। ਕੋਚ ਨੇ ਇਸ ਮਿਸ਼ਨ ਬਾਰੇ ਕਿਹਾ, 'ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਮਿਸ਼ਨ ਆਪਣੇ ਆਪ ਵਿੱਚ ਸ਼ਾਨਦਾਰ ਹੈ। ਅਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ 'ਤੇ ਸਵਾਰ ਹੋਣ ਜਾ ਰਹੇ ਹਾਂ। ਪਹਿਲਾਂ ਇਹ ਹਜ਼ਾਰਾਂ ਮੀਲ ਦੀ ਉਚਾਈ 'ਤੇ ਜਾਵੇਗਾ ਅਤੇ ਸਾਰੇ ਸਿਸਟਮ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਇਹ ਚੰਦਰਮਾ ਲਈ ਰਵਾਨਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਨਾਸਾ ਨੇ ਇਸ ਤੋਂ ਪਹਿਲਾਂ 1972 ਵਿੱਚ ਅਪੋਲੋ ਮਿਸ਼ਨ ਲਾਂਚ ਕੀਤਾ ਸੀ। ਇਸ ਤੋਂ ਬਾਅਦ ਕੋਈ ਵੀ ਮਨੁੱਖ ਦੁਬਾਰਾ ਚੰਦਰਮਾ 'ਤੇ ਨਹੀਂ ਉਤਰਿਆ।