ਗੋਲਡੀ ਬਰਾੜ ਤੇ ਲਖਬੀਰ ਦਾ ਨਾਂ ਸ਼ਾਮਲ ਨਹੀਂ
ਬਰੈਂਪਟਨ: ਕੈਨੇਡਾ ਵਿੱਚ ਗੈਂਗਸਟਰਾਂ ਨੂੰ ਲੈ ਕੇ ਇੱਕ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਨੇ 11 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ ਨਾਲ ਹੀ ਜਨਤਕ ਸੁਰੱਖਿਆ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ 11 ਗੈਂਗਸਟਰਾਂ ਵਿੱਚੋਂ 9 ਪੰਜਾਬੀ ਨੌਜਵਾਨ ਹਨ। ਇਹ ਅਪਰਾਧੀ ਲੋਅਰ ਮੇਨਲੈਂਡ ਗੈਂਗ ਵਾਰ ਨਾਲ ਸਬੰਧਤ ਦੱਸੇ ਜਾਂਦੇ ਹਨ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਤੇ ਵੀ ਨਜ਼ਰ ਆਉਣ 'ਤੇ ਉਨ੍ਹਾਂ ਤੋਂ ਦੂਰ ਰਹਿਣ। ਹਾਲਾਂਕਿ, ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਅਤੇ ਮੋਹਾਲੀ ਇੰਟੈਲੀਜੈਂਸ ਦਫਤਰ 'ਤੇ ਹਮਲਾ ਕਰਨ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਨਾਂ ਸ਼ਾਮਲ ਨਹੀਂ ਹੈ। ਇਹ ਦੋਵੇਂ ਕੈਨੇਡਾ 'ਚ ਬੈਠ ਕੇ ਭਾਰਤ 'ਚ ਅਪਰਾਧ ਕਰਵਾ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਇਨਫੋਰਸਮੈਂਟ ਯੂਨਿਟ ਦੀ ਸੂਚੀ ਵਿੱਚ ਜਗਦੀਪ ਚੀਮਾ, ਬਰਿੰਦਰ ਧਾਲੀਵਾਲ, ਗੁਰਪ੍ਰੀਤ ਧਾਲੀਵਾਲ, ਸਮਰਗ ਗਿੱਲ, ਸੰਦੀਪ ਗਿੱਲ, ਸੁਖਦੀਪ ਪੰਸਲ, ਅਮਰਪ੍ਰੀਤ ਸਮਰਾ, ਰਵਿੰਦਰ ਸਮਰਾ ਅਤੇ ਸ਼ਕੀਲ ਬਸਰਾ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਰਿਚਰਡ ਜੋਸੇਫ ਅਤੇ ਐਂਡੀ ਦਾ ਨਾਂ ਵੀ ਸ਼ਾਮਲ ਹੈ।
ਇਸ ਸਬੰਧੀ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਇਹ ਅਪਰਾਧੀ ਸਿਰਫ਼ ਲੋਅਰ ਮੇਨਲੈਂਡ ਤੱਕ ਹੀ ਸੀਮਤ ਨਹੀਂ ਹਨ।
ਉਹ ਪੂਰੇ ਸੂਬੇ ਵਿੱਚ ਘੁੰਮਦੇ ਹਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਕੈਨੇਡਾ ਪੁਲਿਸ ਨੇ ਕਿਹਾ ਕਿ ਉਹ ਜਨਤਕ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਲੋਕ ਸਾਵਧਾਨੀ ਵਰਤਣ, ਇਸ ਲਈ ਇਹ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ।