ਕਿਹਾ, 'ਹਮਲੇ ਦੀ ਮੂਰਖਤਾ' ਸਾਰਿਆਂ ਲਈ ਤਬਾਹੀ ਦਾ ਕਾਰਨ ਬਣ ਸਕਦੀ ਹੈ
ਮਾਸਕੋ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁਕਰਵਰ ਨੂੰ ਇਥੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵਾਸ਼ ਦਾ ਮਾਹੌਲ, ਗ਼ੈਰ-ਹਮਲਾਵਰ, ਇਕ ਦੂਜੇ ਪ੍ਰਤੀ ਸਰਲਤਾ ਅਤੇ ਮਤਭੇਦਾਂ ਦਾ ਸਾਂਤੀ ਨਾਲ ਹੱਲ ਖੇਤਰੀ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰਨ ਦੇ ਮੁੱਖ ਮੁੱਦਿਆਂ 'ਚ ਸ਼ਾਮਲ ਹਨ। ਰਖਿਆ ਮੰਤਰੀ ਦੇ ਇਹ ਬਿਆਨ ਭਾਰਤ ਅਤੇ ਚੀਨ ਵਿਚਾਲੇ ਤਣਾਅਪੂਰਣ ਸਰਹੱਦ ਵਿਵਾਦ ਦੌਰਾਨ ਆਏ ਹਨ। ਦੋਵੇਂ ਹੀ ਦੇਸ਼ ਅੱਠ ਮੈਂਬਰੀ ਖੇਤਰੀ ਸਮੂਹ ਦਾ ਹਿੱਸਾ ਹਨ ਜੋ ਮੁੱਖ ਤੌਰ 'ਤੇ ਸੁਰੱਖਿਆ ਅਤੇ ਰਖਿਆ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਦਿੰਦੇ ਹਨ।
ਰਾਜਨਾਥ ਸਿੰਘ ਨੇ ਅਪਣੇ ਸੰਬੋਧਨ 'ਚ ਦੂਜੇ ਵਿਸ਼ਵ ਯੁੱਧ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਯਾਦਾਂ ਦੁਨੀਆਂ ਨੂੰ ਸਬਕ ਦਿੰਦੀਆਂ ਹਨ ਕਿ ਇਕ ਦੇਸ਼ ਦੀ ਦੂਜੇ ਦੇਸ਼ 'ਤੇ 'ਹਮਲੇ ਦੀ ਮੂਰਖਤਾ' ਸਾਰਿਆਂ ਲਈ ਤਬਾਹੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਇਕ ਦੇਸ਼ ਦਾ ਦੂਜੇ ਦੇਸ਼ ਦੇ ਪ੍ਰਤੀ ਚੰਗੀ ਭਾਵਨਾ ਨਹੀਂ ਰਖਣ ਦੇ ਕਾਰਨ ਸਾਰਿਆਂ ਦੀ ਤਬਾਹੀ ਹੋਈ। ਉਨ੍ਹਾਂ ਇਹ ਬਿਆਨ ਚੀਨ ਦੇ ਰਖਿਆ ਮੰਤਰੀ ਜਨਰਲ ਵੇਈ ਫੇਂਗਹੇ ਦੀ ਮੌਜੂਦਗੀ 'ਚ ਦਿਤੇ।
ਰਖਿਆ ਮੰਤਰੀ ਨੇ ਕਿਹਾ, ''ਐਸਸੀਓ ਦੇ ਮੈਂਬਰ ਦੇਸ਼ਾਂ, ਜਿਥੇ ਦੁਨੀਆਂ ਦੀ 40 ਫ਼ੀ ਸਦੀ ਤੋਂ ਵੱਧ ਦੀ ਆਬਾਦੀ ਰਹਿੰਦੀ ਹੈ, ਦੇ ਸ਼ਾਂਤੀਮਈ, ਸਥਿਰ ਅਤੇ ਸੁਰੱÎਖਿਆ ਖੇਤਰ ਲਈ ਭਰੋਸੇ ਤੇ ਸਹਿਯੋਗ, ਗ਼ੈਰ-ਹਮਲਾਵਰ, ਅੰਤਰਰਾਸ਼ਟਰੀ ਨਿਯਮ-ਕਾਨੂੰਨਾਂ ਲਈ ਸਨਮਾਨ, ਇਕ ਦੂਜੇ ਦੇ ਹਿਤਾਂ ਪ੍ਰਤੀ ਸਰਲਤਾ ਅਤੇ ਮਤਭੇਦਾਂ ਦੇ ਸ਼ਾਂਤੀ ਨਾਲ ਹੱਲ ਕੱਢਣ ਦੀ ਜ਼ਰੂਰਤ ਹੈ। ''
ਉਨ੍ਹਾਂ ਕਿਹਾ, ''ਇਸ ਸਾਲ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਅਤੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਹੈ। ਸੰਯੁਕਤ ਰਾਸ਼ਟਰ ਇਕ ਸ਼ਾਤੀਮਈ ਦੁਨੀਆਂ ਨੂੰ ਆਧਾਰ ਪ੍ਰਦਾਨ ਕਰਦਾ ਹੈ ਜਿਥੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਦੇਸ਼ਾਂ ਦੀ ਪ੍ਰਭੁਸੱਤਾ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਦੇਸ਼ ਦੂਜੇ ਦੇਸ਼ਾਂ 'ਤੇ ਇਕ ਪੱਖੀ ਢੰਗ ਨਾਲ ਹਮਲਾ ਕਰਨਾ ਤੋਂ ਬਚਦੇ ਹਨ।''
ਰਖਿਆ ਮੰਤਰੀ ਨੇ ਅਤਿਵਾਦ ਅਤੇ ਉਗਰਵਾਦ ਦੇ ਖ਼ਤਰਿਆਂ ਦੀ ਵੀ ਗੱਲ ਕੀਤ ਅਤੇ ਇਨ੍ਹਾਂ ਚੁਣੌਤੀਆਂ ਤੋਂ ਨਜਿਠੱਣ ਲਈ ਸੰਸਥਾਗਤ ਸਮਰਥਾ ਵਿਕਸਿਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ, ''ਮੈਂ ਅੱਜ ਦੁਹਰਾਉਂਦਾ ਹਾਂ ਕਿ ਭਾਰਤ ਗਲੋਬਲ ਸੁਰੱਖਿਆ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ ਜੋ ਖੁੱਲ੍ਹਾ, ਸਾਫ਼, ਸੰਮਲਿਤ, ਨਿਯਮ ਆਧਾਰਿਤ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ 'ਚ ਕੰਮ ਕਰਨਾ ਵਾਲਾ ਹੋਵੇਗਾ।''