
ਕਰਮਚਾਰੀਆਂ ਨੂੰ ਬਿਨਾਂ ਭੁਗਤਾਨ ਵਾਲੀ ਛੁੱਟੀ 'ਤੇ ਜਾਣ ਦੇ ਨਿਰਦੇਸ਼
ਹਾਂਗਕਾਂਗ : ਘਾਤਕ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਹਾਂਗਕਾਂਗ ਦੀ ਪ੍ਰਮੁੱਖ ਏਅਰਲਾਈਨ ਕੈਥੇ ਪੈਸੀਫਿਕ ਨੇ ਅਪਣੇ 27,000 ਕਰਮੀਆਂ ਨੂੰ 3 ਹਫ਼ਤੇ ਲਈ ਬਿਨਾਂ ਭੁਗਤਾਨ ਵਾਲੀ ਛੁੱਟੀ 'ਤੇ ਜਾਣ ਦੇ ਨਿਰਦੇਸ਼ ਦਿਤੇ ਹਨ। ਸੀ.ਈ.ਓ. ਅਗਸਤਸ ਤਾਂਗ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਪਿਛਲੇ ਸਾਲ ਮਹੀਨਿਆਂ ਤੱਕ ਰਾਜਨੀਤਕ ਅਸਥਿਰਤਾ ਅਤੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਏਅਰਲਾਈਨ ਲਈ ਮੁਸ਼ਕਲ ਸਮਾਂ ਸੀ ਅਤੇ ਹੁਣ ਕੋਰੋਨਾ ਵਾਇਰਸ ਦੇ ਪ੍ਰਸਾਰ ਕਾਰਨ ਇਸ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ।
Photo
ਏਅਰਲਾਈਨ ਦੇ ਸੀ.ਈ.ਓ. ਤਾਂਗ ਨੇ ਆਨਲਾਈਨ ਪੋਸਟ ਕੀਤੇ ਗਏ ਇਕ ਵੀਡੀਉ ਸੰਦੇਸ਼ ਵਿਚ ਕਿਹਾ,''ਮੈਨੂੰ ਆਸ ਹੈ ਕਿ ਸਾਡੇ ਪ੍ਰਮੁੱਖ ਕਰਮਚਾਰੀਆਂ ਤੋਂ ਲੈ ਕੇ ਸਾਡੇ ਸੀਨੀਅਰ ਅਧਿਕਾਰੀਆਂ ਤਕ ਤੁਸੀਂ ਸਾਰੇ ਇਸ ਵਿਚ ਹਿੱਸੇਦਾਰੀ ਕਰੋਗੇ ਅਤੇ ਮੌਜੂਦਾ ਚੁਣੌਤੀਆਂ ਵਿਚ ਸਾਥ ਦਿਓਗੇ।''
Photo
ਕੋਰੋਨਾ ਵਾਇਰਸ ਕਾਰਨ ਚੀਨ ਵਿਚ ਹੁਣ ਤਕ 490 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 24,324 ਲੋਕਾਂ ਵਿਚ ਇਸ ਵਾਇਰਸ ਦੇ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਹਨਾਂ ਵਿਚੋਂ 3,210 ਲੋਕਾਂ ਦੀ ਹਾਲਤ ਗੰਭੀਰ ਹੈ।
Photo
ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਹੈ। ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਸ਼ਹਿਰ ਵਿਚ ਆਇਆ ਅਤੇ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਤਕ ਇਹ ਹੋਰ ਥਾਵਾਂ 'ਤੇ ਫੈਲ ਗਿਆ। ਇਹਨਾਂ ਛੁੱਟੀਆਂ ਦੇ ਸਮੇਂ ਏਅਰਲਾਈਨ ਦਾ ਕੰਮਕਾਜ ਬਹੁਤ ਜ਼ਿਆਦਾ ਹੁੰਦਾ ਹੈ।
Photo
ਤਾਂਗ ਨੇ ਚਿਤਾਵਨੀ ਦਿਤੀ ਕਿ ਵਾਇਰਸ ਦੇ ਕਾਰਨ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ 'ਤੇ ਅਸੀਂ ਸਭ ਤੋਂ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਹਾਂ। ਇਸ ਤੋਂ ਪਹਿਲਾਂ 2009 ਵਿਚ ਗਲੋਬਲ ਮੰਦੀ ਦੇ ਸਮੇਂ ਕੈਥੇ ਨੇ ਅਪਣੇ ਕਰਮੀਆਂ ਨੂੰ ਬਿਨਾਂ ਤਨਖਾਹ ਦੇ ਛੁੱਟੀ 'ਤੇ ਜਾਣ ਲਈ ਕਿਹਾ ਸੀ।