
ਫਲਾਈਟ 'ਚ ਸਾਥੀ ਯਾਤਰੀ 'ਤੇ ਪਿਸ਼ਾਬ ਕਰਨ ਦੇ ਲੱਗੇ ਇਲਜ਼ਾਮ
ਨਵੀਂ ਦਿੱਲੀ : ਅਮਰੀਕੀ ਏਅਰਲਾਈਨਜ਼ ਨੇ ਇੱਕ ਭਾਰਤੀ ਵਿਦਿਆਰਥੀ 'ਤੇ ਯਾਤਰਾ ਪਾਬੰਦੀ ਆਇਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਰਾਬੀ ਭਾਰਤੀ ਵਿਅਕਤੀ ਨੇ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਵਿੱਚ ਇੱਕ ਅਮਰੀਕੀ ਯਾਤਰੀ ਉੱਤੇ ਪਿਸ਼ਾਬ ਕਰ ਦਿੱਤਾ। ਘਟਨਾ 3 ਮਾਰਚ ਦੀ ਦੱਸੀ ਜਾ ਰਹੀ ਹੈ। ਮਾਮਲਾ ਹੁਣ ਸਾਹਮਣੇ ਆ ਗਿਆ ਹੈ। ਇਹ ਫਲਾਈਟ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਏਅਰਲਾਈਨ ਦਾ ਕਹਿਣਾ ਹੈ ਕਿ ਦੋਸ਼ੀ ਨੇ ਘਟਨਾ ਤੋਂ ਬਾਅਦ ਮੁਆਫੀ ਮੰਗ ਲਈ ਸੀ ਪਰ, ਏਅਰਲਾਈਨਜ਼ ਨੇ ਦੋਸ਼ੀ 'ਤੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ।
ਦਿੱਲੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਇੱਕ ਵਿਦਿਆਰਥੀ ਫਲਾਈਟ 292 ਵਿੱਚ ਸ਼ਰਾਬ ਦੇ ਨਸ਼ੇ ਵਿੱਚ ਸਫ਼ਰ ਕਰ ਰਿਹਾ ਸੀ। ਵਿਦਿਆਰਥੀ ਦਾ ਨਾਂ ਆਰੀਆ ਵੋਹਰਾ ਹੈ। ਉਸ ਨੇ ਸੌਂਦੇ ਸਮੇਂ ਪਿਸ਼ਾਬ ਕਰ ਦਿੱਤਾ, ਜੋ ਲੀਕ ਹੋ ਕੇ ਨੇੜੇ ਬੈਠੇ ਯਾਤਰੀ 'ਤੇ ਡਿੱਗ ਗਿਆ। ਇਸ ਬਾਰੇ ਚਾਲਕ ਦਲ ਨੂੰ ਸ਼ਿਕਾਇਤ ਕੀਤੀ ਗਈ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸਮੇਤ ਵਿਰੋਧੀ ਧਿਰ ਦੇ 9 ਆਗੂਆਂ ਨੇ PM ਮੋਦੀ ਨੂੰ ਲਿਖੀ ਸਾਂਝੀ ਚਿੱਠੀ
ਅਧਿਕਾਰੀ ਨੇ ਕਿਹਾ ਕਿ ਫਲਾਇਟ ਨੇ 3 ਮਾਰਚ ਨੂੰ ਰਾਤ 9:16 ਵਜੇ ਨਿਊਯਾਰਕ ਤੋਂ ਉਡਾਣ ਭਰੀ ਸੀ। ਇਹ ਘਟਨਾ 14 ਘੰਟੇ 26 ਮਿੰਟ ਦੀ ਯਾਤਰਾ ਦੌਰਾਨ ਵਾਪਰੀ। ਦੋਸ਼ੀ ਨੇ ਪੀੜਤ ਯਾਤਰੀ ਤੋਂ ਮੁਆਫ਼ੀ ਮੰਗੀ। ਇਸੇ ਕਰਕੇ ਉਹ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕਰਨਾ ਚਾਹੁੰਦਾ ਸੀ। ਪਰ ਜਦੋਂ ਚਾਲਕ ਦਲ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪਾਇਲਟ ਨੂੰ ਦੱਸਿਆ।
ਜਦੋਂ ਇਹ ਜਹਾਜ਼ 4 ਮਾਰਚ ਨੂੰ ਸਵੇਰੇ 10:12 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰਿਆ ਤਾਂ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। CISF ਦੇ ਜਵਾਨਾਂ ਨੇ ਦੋਸ਼ੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਜਹਾਜ਼ ਤੋਂ ਉਤਰਦੇ ਸਮੇਂ ਹੀ ਫੜ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਮਰੀਕਨ ਏਅਰਲਾਈਨਜ਼ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਬਹੁਤ ਸ਼ਰਾਬੀ ਸੀ। ਉਹ ਚਾਲਕ ਦਲ ਦੇ ਮੈਂਬਰਾਂ ਦੀ ਗੱਲ ਨਹੀਂ ਸੁਣ ਰਿਹਾ ਸੀ। ਜਦੋਂ ਉਸ ਨੂੰ ਬੈਠਣ ਲਈ ਕਿਹਾ ਗਿਆ ਤਾਂ ਉਹ ਬਹਿਸ ਕਰਨ ਲੱਗਾ। ਉਹ ਬਾਕੀ ਯਾਤਰੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਉਹ ਸੌਂ ਗਿਆ।
ਇਹ ਵੀ ਪੜ੍ਹੋ: SGPC ਤਿਆਰ ਕਰੇਗੀ IAS ਤੇ IPS ਅਫ਼ਸਰ : ਮੁਕਾਬਲਾ ਪ੍ਰੀਖਿਆ ਲਈ ਕੋਚਿੰਗ ਵਾਸਤੇ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ 25 ਵਿਦਿਆਰਥੀਆਂ ਦਾ ਪਹਿਲਾ ਬੈਚ
ਜ਼ਿਕਰਯੋਗ ਹੈ ਕਿ ਫਲਾਈਟ 'ਚ ਯਾਤਰੀ ਦੇ ਪਿਸ਼ਾਬ ਕਰਨ ਦਾ ਇਹ ਤੀਜਾ ਮਾਮਲਾ ਹੈ। ਸਭ ਤੋਂ ਪਹਿਲਾਂ ਅਜਿਹਾ ਮਾਮਲਾ 26 ਨਵੰਬਰ 2022 ਨੂੰ ਸਾਹਮਣੇ ਆਇਆ ਸੀ। ਫਿਰ ਸ਼ੇਖਰ ਮਿਸ਼ਰਾ ਨਾਮਕ ਦੋਸ਼ੀ ਨੇ ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ 'ਚ ਬਜ਼ੁਰਗ ਔਰਤ 'ਤੇ ਪਿਸ਼ਾਬ ਕਰ ਦਿੱਤਾ ਸੀ।
6 ਦਸੰਬਰ ਨੂੰ ਪੈਰਿਸ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਸ਼ਰਾਬੀ ਯਾਤਰੀ ਨੇ ਮਹਿਲਾ ਯਾਤਰੀ ਦੇ ਕੰਬਲ 'ਤੇ ਪਿਸ਼ਾਬ ਕਰ ਦਿੱਤਾ ਸੀ। ਔਰਤ ਨੇ ਪੁਲਿਸ ਕੋਲ ਕੇਸ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਸੀਆਈਐਸਐਫ ਅਤੇ ਕਸਟਮ ਨੇ ਆਪਣੀ ਕਾਰਵਾਈ ਪੂਰੀ ਕਰਨ ਮਗਰੋਂ ਮੁਲਜ਼ਮ ਨੂੰ ਛੱਡ ਦਿੱਤਾ।