
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਤਿੰਨ ਨੂੰ ਕੀਤਾ ਜ਼ਖ਼ਮੀ
ਅਮਰੀਕਾ ਦੇ ਕੈਲੇਫ਼ੋਰਨੀਆ ਵਿਖੇ ਸੈਨ ਬਰੂਨੋ ਸਥਿਤ ਯੂ-ਟਿਊਬ ਦੇ ਮੁੱਖ ਦਫ਼ਤਰ 'ਚ ਅੱਜ ਇਕ ਮਹਿਲਾ ਨੇ ਗੋਲੀਬਾਰੀ ਕਰ ਕੇ ਤਿੰਨ ਲੋਕਾਂ ਨੂੰ ਜ਼ਖ਼ਮੀ ਕਰ ਦਿਤਾ। ਇਸ ਤੋਂ ਬਾਅਦ ਹਮਲਾਵਰ ਮਹਿਲਾ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਹਮਲਾਵਰ ਦੀ ਪਛਾਣ 39 ਸਾਲਾ ਨਸੀਮ ਅਗਡਮ ਵਜੋਂ ਹੋਈ ਹੈ।
ਪੁਲਿਸ ਨੇ ਦਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆ ਰਿਹਾ ਹੈ ਕਿ ਇਹ ਮਹਿਲਾ ਘਰੇਲੂ ਵਿਵਾਦ ਕਾਰਨ ਪ੍ਰੇਸ਼ਾਨ ਸੀ। ਪੁਲਿਸ ਅਨੁਸਾਰ ਨਸੀਮ ਇਕ ਪਸ਼ੂ ਅਧਿਕਾਰ ਵਰਕਰ ਸੀ ਅਤੇ ਯੂ-ਟਿਊਬ 'ਤੇ ਅਪਣੇ ਵੀਡੀਉ ਅਪਲੋਡ ਕਰਦੀ ਰਹਿੰਦੀ ਸੀ। ਉਹ ਯੂ-ਟਿਊਬ ਦੀਆਂ ਬਦਲੀਆਂ ਗਈਆਂ ਨੀਤੀਆਂ ਤੋਂ ਨਾਰਾਜ਼ ਸੀ, ਕਿਉਂਕਿ ਪਾਲਿਸੀ ਬਦਲਣ ਕਾਰਨ ਉਸ ਨੂੰ ਵੀਡੀਉ ਬਦਲੇ ਪੈਸੇ ਨਹੀਂ ਮਿਲਦੇ ਸਨ ਅਤੇ ਕਈ ਵਾਰ ਯੂ-ਟਿਊਬ ਉਸ ਦੀ ਵੀਡੀਉ ਨੂੰ ਬਲਾਕ ਵੀ ਕਰ ਦਿੰਦਾ ਸੀ। ਕੁੱਝ ਮੀਡੀਆ ਰੀਪੋਰਟਾਂ 'ਚ ਇਕ ਜ਼ਖ਼ਮੀ ਨੌਜਵਾਨ ਨੂੰ ਹਮਲਾਵਰ ਮਹਿਲਾ ਦਾ ਪ੍ਰੇਮੀ ਵੀ ਦਸਿਆ ਗਿਆ ਸੀ।
Youtube
ਸੈਨ ਬਰੂਨੋ ਪੁਲਿਸ ਮੁਖੀ ਐਡਬਾਰਬੇਰਿਨੀ ਨੇ ਦਸਿਆ ਕਿ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਭਗਦੜ ਮਚ ਗਈ ਸੀ ਅਤੇ ਲੋਕ ਕਾਫ਼ੀ ਘਬਰਾ ਗਏ ਸਨ। ਗੋਲੀਬਾਰੀ ਦੀ ਜਾਣਕਾਰੀ ਮਿਲਦੇ ਹੀ ਘਟਨਾ ਸਥਾਨ 'ਤੇ ਐਂਬੂਲੈਂਸ ਪਹੁੰਚ ਗਈ ਅਤੇ ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਆਖਿਆ। ਇਸ ਤੋਂ ਬਾਅਦ ਯੂ-ਟਿਊਬ ਦਫ਼ਤਰ ਨੂੰ ਵੀ ਬੰਦ ਕਰ ਦਿਤਾ ਗਿਆ ਅਤੇ ਲੋਕਾਂ ਨੂੰ ਬਾਹਰ ਕਢਿਆ ਗਿਆ। ਇਸ ਹਮਲੇ 'ਚ ਜ਼ਖ਼ਮੀ ਹੋਏ ਚਾਰ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। (ਪੀਟੀਆਈ)