
ਗਵਾਟੇਮਾਲਾ ਦੇ ਫਿਊਗੋ ਜਵਾਲਾਮੁਖੀ 'ਚ ਧਮਾਕੇ ਦੀ ਘਟਨਾ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 69 ਹੋ ਗਈ ਹੈ, ਜਦਕਿ ਇਸ ਤੋਂ 10 ਲੱਖ ਤੋਂ ਵੱਧ ਲੋਕ....
ਗਵਾਟੇਮਾਲਾ ਸਿਟੀ : ਗਵਾਟੇਮਾਲਾ ਦੇ ਫਿਊਗੋ ਜਵਾਲਾਮੁਖੀ 'ਚ ਧਮਾਕੇ ਦੀ ਘਟਨਾ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 69 ਹੋ ਗਈ ਹੈ, ਜਦਕਿ ਇਸ ਤੋਂ 10 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ। ਆਫ਼ਤ ਰਾਹਤ ਏਜੰਸੀ ਦੇ ਬੁਲਾਰੇ ਡੈਵਿਡ ਡੀ ਲਿਓਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਘਟਨਾ 'ਚ 46 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਦੀ ਹਾਲਤ ਗੰਭੀਰ ਹੈ।
ਇਸ ਆਫ਼ਤ ਨਾਲ ਨਜਿੱਠਣ ਲਈ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਹੋਰ 3271 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ 3763 ਮੀਟਰ ਉੱਚੇ ਜਵਾਲਾਮੁਖੀ 'ਚ ਧਮਾਕਾ ਹੋ ਗਿਆ, ਜਿਸ ਨਾਲ ਨੇੜੇ-ਤੇੜੇ ਦੇ ਇਲਾਕਿਆਂ ਵਿਚ ਸੁਆਹ ਦੇ ਕਾਲੇ ਬੱਦਲ ਛਾਅ ਗਏ।
ਅਧਿਕਾਰੀਆਂ ਨੇ ਚਿਤਾਵਨੀ ਦਿਤੀ ਹੈ ਕਿ ਪਹਾੜੀ ਦੇ ਦਖਣੀ ਕੰਢੇ 'ਤੇ ਕਮਿਊਨਿਟੀਆਂ ਕੇਂਦਰਾਂ ਵਿਚ ਪੀੜਤਾਵਾਂ ਦੀ ਭਾਲ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।ਗਵਾਟੇਮਾਲਾ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਸਰਗੀਓ ਕਬਾਨਾਸ ਨੇ ਕਿਹਾ, ''ਕਈ ਲੋਕ ਲਾਪਤਾ ਹਨ ਪਰ ਸਾਨੂੰ ਇਹ ਨਹੀਂ ਪਤਾ ਕਿ ਕਿੰਨੇ ਲੋਕ ਲਾਪਤਾ ਹਨ।'' ਰਾਸ਼ਟਰਪਤੀ ਜਿਮੀ ਮੋਰਾਲੇਸ ਨੇ ਤਿੰਨ ਦਿਨ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ। ਰਾਜਧਾਨੀ ਗਵਾਟੇਮਾਲਾ ਸਿਟੀ ਸਥਿਤ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰ ਦਿਤਾ ਗਿਆ ਹੈ। (ਪੀਟੀਆਈ)