
ਕੈਨੇਡਾ ਦੇ ਸੂਰਬੀਰ ਸਿੱਖ ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਮਰਪਤ ਗੈਲਰੀ ਦਾ ਉਦਘਾਟਨ ਕੈਨੇਡਾ ਦੇ 151ਵੇਂ ਦਿਵਸ.........
ਵੈਨਕੂਵਰ : ਕੈਨੇਡਾ ਦੇ ਸੂਰਬੀਰ ਸਿੱਖ ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਮਰਪਤ ਗੈਲਰੀ ਦਾ ਉਦਘਾਟਨ ਕੈਨੇਡਾ ਦੇ 151ਵੇਂ ਦਿਵਸ ਮੌਕੇ ਸੰਗਤਾਂ ਦੇ ਭਾਰੀ ਇਕੱਠ 'ਚ ਪੰਜ ਪਿਆਰਿਆਂ ਦੇ ਜੈਕਾਰਿਆਂ ਦੀ ਗੂੰਜ ਵਿਚ ਹੋਇਆ। 1 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗਿਆਨੀ ਜਗਦੀਸ਼ ਸਿੰਘ ਨੇ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ 'ਚ ਸਥਿਤ ਚਿਤਰ ਗੈਲਰੀ ਸਾਹਮਣੇ ਅਰਦਾਸ ਕੀਤੀ ਅਤੇ ਉਸ ਤੋਂ ਬਾਅਦ ਪੰਜ ਪਿਆਰਿਆਂ ਵਲੋਂ ਪਰਦਾ ਖਿੱਚ ਕੇ ਚਿਤਰ ਗੈਲਰੀ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਗੁਰਦਵਾਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ, ਭਾਈ ਜਸਵਿੰਦਰ ਸਿੰਘ, ਦਲਜੀਤ ਸਿੰਘ ਸੰਧੂ, ਭਾਈ ਗੁਰਮੀਤ ਸਿੰਘ, ਅਵਤਾਰ ਸਿੰਘ ਸੰਧੂ ਤੇ ਵੱਡੀ ਗਿਣਤੀ 'ਚ ਸੰਗਤਾਂ ਮੌਜੂਦ ਸੀ। ਇਹ ਗੈਲਰੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਸਥਿਤ ਹੈ ਜਿਸ 'ਚ ਚਿਤਰਕਾਰ ਜਰਨੈਲ ਸਿੰਘ ਵਲੋਂ ਬਣਾਏ ਉਹਨਾਂ ਗਦਰੀ ਸੂਰਮਿਆਂ ਦੇ ਚਿਤਰ ਹਨ, ਜਿਨ੍ਹਾਂ ਨੇ ਕੈਨੇਡਾ ਤੋਂ ਜਾ ਕੇ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਖਾਤਰ ਫਾਂਸੀਆਂ ਦੇ ਰੱਸੇ ਚੁੰਮੇ ਤੇ ਉਮਰ ਕੈਦਾਂ ਕੱਟੀਆਂ। ਇਨ੍ਹਾਂ 'ਚ ਸ਼ਹੀਦ ਭਾਈ ਮੇਵਾ ਸਿੰਘ, ਭਾਈ ਬਦਨ ਸਿੰਘ, ਭਾਈ ਬਲਵੰਤ ਸਿੰਘ ਸਮੇਤ 16 ਗਦਰੀ ਸੂਰਮਿਆਂ ਦੇ ਚਿਤਰ ਸ਼ਾਮਲ ਹਨ।
ਇਸ ਮੌਕੇ ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਅਜਮੇਰ ਰੋਡੇ, ਹਰਦਮ ਸਿੰਘ ਮਾਨ, ਮੋਹਨ ਗਿਲ, ਨਵਤੇਜ ਭਾਰਤੀ, ਗੁਰਲਾਲ ਸਿੰਘ ਪੰਜਾਬੀ ਟ੍ਰਿਬਿਊਨ, ਅਮਰਪਾਲ ਸਿੰਘ ਕੈਨੇਡੀਅਨ ਪੰਜਾਬ ਟਾਈਮਜ਼, ਅੰਗਰੇਜ ਸਿੰਘ ਬਰਾੜ, ਡਾ. ਪੂਰਨ ਸਿੰਘ ਗਿੱਲ, ਬੁਤ ਤਰਾਸ਼ ਚਰਨਜੀਤ ਜੈਤੋ ਅਤੇ ਅਮਨ ਬਰਾੜ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਿੱਖੀ ਦੇ ਪ੍ਰਚਾਰ ਲਈ ਕੈਨੇਡਾ ਆਏ ਹੋਏ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਵਿਸ਼ੇਸ਼ ਤੌਰ 'ਤੇ ਗੈਲਰੀ ਦੇਖਣ ਆਏ।