
ਥਾਈਲੈਂਡ ਦੇ ਇਕ ਜੱਜ ਨੇ ਭਰੀ ਅਦਾਲਤ ਵਿਚ ਖ਼ੁਦ ਨੂੰ ਗੋਲ਼ੀ ਮਾਰ ਲਈ। ਇਸ ਤੋਂ ਠੀਕ ਪਹਿਲਾਂ...
ਬੈਂਕਾਕ: ਥਾਈਲੈਂਡ ਦੇ ਇਕ ਜੱਜ ਨੇ ਭਰੀ ਅਦਾਲਤ ਵਿਚ ਖ਼ੁਦ ਨੂੰ ਗੋਲ਼ੀ ਮਾਰ ਲਈ। ਇਸ ਤੋਂ ਠੀਕ ਪਹਿਲਾਂ ਯਾਲਾ ਅਦਾਲਤ ਦੇ ਜੱਜ ਕਾਨਕੋਰਨ ਪਿਯਾਤਚਨਾ ਨੇ ਹੱਤਿਆ ਦੇ ਪੰਜ ਮੁਸਲਿਮ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਫਿਰ ਉਨ੍ਹਾਂ ਨੇ ਦੇਸ਼ ਦੀ ਨਿਆਂ ਵਿਵਸਥਾ ਦੀ ਨਿੰਦਿਆ ਕਰਦਿਆਂ ਇਕ ਭਾਸ਼ਣ ਦਿੱਤਾ। ਉਨਾਂ ਨੇ ਆਪਣਾ ਭਾਸ਼ਣ ਫੇਸਬੁੱਕ 'ਤੇ ਲਾਈਵ ਵੀ ਕੀਤਾ ਸੀ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ।
ਇੱਥੋਂ ਦੀ ਨਿਆਂ ਵਿਵਸਥਾ 'ਤੇ ਪਹਿਲਾਂ ਵੀ ਸਵਾਲ ਉਠਦੇ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਥਾਈਲੈਂਡ ਦੀਆਂ ਅਦਾਲਤਾਂ ਕਈ ਵਾਰ ਅਮੀਰ ਤੇ ਸ਼ਕਤੀਸ਼ਾਲੀ ਲੋਕਾਂ ਦੇ ਹੱਕ ਵਿਚ ਕੰਮ ਕਰਦੀਆਂ ਹਨ ਤੇ ਆਮ ਲੋਕਾਂ ਨੂੰ ਛੋਟੇ ਅਪਰਾਧਾਂ 'ਚ ਵੀ ਸਖ਼ਤ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਹਾਲਾਂਕਿ ਪਹਿਲੀ ਵਾਰ ਕਿਸੇ ਜੱਜ ਨੇ ਨਿਆਂ ਵਿਵਸਥਾ 'ਤੇ ਸਵਾਲ ਉਠਾਇਆ ਹੈ। ਸ਼ੁੱਕਰਵਾਰ ਨੂੰ ਖ਼ੁਦ ਨੂੰ ਛਾਤੀ ਵਿਚ ਗੋਲ਼ੀ ਮਾਰਨ ਤੋਂ ਪਹਿਲਾਂ ਜੱਜ ਨੇ ਕਿਹਾ, 'ਕਿਸੇ ਨੂੰ ਸਜ਼ਾ ਦੇਣ ਲਈ ਸਪੱਸ਼ਟ ਤੇ ਪੁਖ਼ਤਾ ਸਬੂਤ ਹੋਣੇ ਜ਼ਰੂਰੀ ਹਨ। ਇਸ ਲਈ ਜੇ ਤੁਹਾਨੂੰ ਸ਼ੱਕ ਹੈ ਤਾਂ ਕਿਸੇ ਨੂੰ ਸਜ਼ਾ ਨਾ ਦਿਓ।
ਮੈਂ ਨਹੀਂ ਕਹਿ ਰਿਹਾ ਕਿ ਪੰਜਾਂ ਮੁਲਜ਼ਮਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਪਰ ਨਿਆਇਕ ਪ੍ਰਕਿਰਿਆ ਪਾਰਦਰਸ਼ੀ ਤੇ ਪ੍ਰਮਾਣਿਕ ਹੋਣੀ ਚਾਹੀਦੀ ਹੈ।' ਇਸ ਤੋਂ ਬਾਅਦ ਫੇਸਬੁੱਕ ਲਾਈਵ ਬੰਦ ਹੋ ਗਿਆ। ਕਈ ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਛਾਤੀ ਵਿਚ ਗੋਲ਼ੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਵਿਚ ਸਾਬਕਾ ਸਮਰਾਟ ਦੀ ਤਸਵੀਰ ਸਾਹਮਣੇ ਕਾਨੂੰਨੀ ਸਹੁੰ ਦੁਹਰਾਈ। ਨਿਆਂ ਵਿਭਾਗ ਦੇ ਬੁਲਾਰੇ ਸੁਰਿਯਾਨ ਹੋਂਗਵਿਲਾਈ ਨੇ ਕਿਹਾ, 'ਜੱਜ ਨੇ ਸ਼ਾਇਦ ਨਿੱਜੀ ਚਿੰਤਾ ਕਾਰਨ ਇਹ ਕਦਮ ਚੁੱਕਿਆ ਹੈ। ਪਰ ਚਿੰਤਾ ਦਾ ਕਾਰਨ ਸਪੱਸ਼ਟ ਨਹੀਂ ਹੈ। ਇਸ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ।'