
Nepal Earthquake News: 2015 ਤੋਂ ਬਾਅਦ ਇਹ ਸਭ ਤੋਂ ਵਿਨਾਸ਼ਕਾਰੀ ਭੂਚਾਲ
Nepal Earthquake News: ਹਿਮਾਲੀਆ ਦੀਆਂ ਪਹਾੜੀਆਂ ’ਚ ਵਸੇ ਦੇਸ਼ ਨੇਪਾਲ ਦੇ ਇਕ ਦੂਰ-ਦੁਰਾਡੇ ਪਹਾੜੀ ਇਲਾਕੇ ’ਚ ਸ਼ੁਕਰਵਾਰ ਨੂੰ ਅੱਧੀ ਰਾਤ ਸਮੇਂ ਆਏ 6.4 ਤੀਬਰਤਾ ਦੇ ਭੂਚਾਲ ਦੇ ਝਟਕੇ ਕਾਰਨ ਘੱਟੋ-ਘੱਟ 157 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਨੇਪਾਲ ’ਚ 2015 ਤੋਂ ਬਾਅਦ ਇਹ ਸੱਭ ਤੋਂ ਵਿਨਾਸ਼ਕਾਰੀ ਭੂਚਾਲ ਹੈ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਅਨੁਸਾਰ ਭੂਚਾਲ ਰਾਤ 11:47 ਵਜੇ ਆਇਆ, ਜਿਸ ਦਾ ਕੇਂਦਰ ਜਾਜਰਕੋਟ ਜ਼ਿਲ੍ਹੇ ’ਚ ਸੀ। 2015 ’ਚ ਨੇਪਾਲ ’ਚ 7.8 ਤੀਬਰਤਾ ਦੇ ਭੂਚਾਲ ਅਤੇ ਬਾਅਦ ਦੇ ਝਟਕਿਆਂ ’ਚ ਲਗਭਗ 9000 ਲੋਕ ਮਾਰੇ ਗਏ ਅਤੇ 22,000 ਤੋਂ ਵੱਧ ਜ਼ਖ਼ਮੀ ਹੋਏ। ਹਾਲੀਆ ਭੂਚਾਲ 2015 ਤੋਂ ਬਾਅਦ ਦੇਸ਼ ’ਚ ਆਇਆ ਸੱਭ ਤੋਂ ਵਿਨਾਸ਼ਕਾਰੀ ਭੂਚਾਲ ਹੈ।
ਭੂਚਾਲ ਦਾ ਅਸਰ ਕਾਠਮੰਡੂ ਅਤੇ ਇਸ ਦੇ ਆਸਪਾਸ ਦੇ ਜ਼ਿਲ੍ਹਿਆਂ ਅਤੇ ਇਥੋਂ ਤਕ ਕਿ ਗੁਆਂਢੀ ਦੇਸ਼ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਵੀ ਮਹਿਸੂਸ ਕੀਤਾ ਗਿਆ। ਨੇਪਾਲ ਫ਼ੌਜ ਦੇ ਬੁਲਾਰੇ ਕ੍ਰਿਸ਼ਨ ਪ੍ਰਸਾਦ ਭੰਡਾਰੀ ਅਨੁਸਾਰ ਨੇਪਾਲੀ ਫ਼ੌਜ ਨੇ ਭੂਚਾਲ ਤੋਂ ਤੁਰਤ ਬਾਅਦ ਘਟਨਾ ਵਾਲੀ ਥਾਂ ’ਤੇ ਬਚਾਅ ਕਾਰਜਾਂ ਲਈ ਅਪਣੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ। ਸਰਕਾਰੀ ਨੇਪਾਲ ਟੈਲੀਵਿਜ਼ਨ ਅਨੁਸਾਰ, ਭੂਚਾਲ ਕਾਰਨ ਪਛਮੀ ਨੇਪਾਲ ਦੇ ਜਾਜਰਕੋਟ ਅਤੇ ਰੁਕਮ ਜ਼ਿਲ੍ਹੇ ਸੱਭ ਤੋਂ ਵੱਧ ਪ੍ਰਭਾਵਤ ਹੋਏ ਹਨ।
ਪ੍ਰਧਾਨ ਮੰਤਰੀ ਸਕੱਤਰੇਤ ਨੇ ਦਸਿਆ ਕਿ ਜਾਜਰਕੋਟ ਅਤੇ ਰੁਕਮ ’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 140 ਹੋ ਗਈ ਹੈ ਅਤੇ ਇੰਨੇ ਹੀ ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਦਸਿਆ ਕਿ ਜਾਜਰਕੋਟ ਦੀ ਨਲਗੜ੍ਹ ਨਗਰਪਾਲਿਕਾ ਦੀ ਡਿਪਟੀ ਮੇਅਰ ਸਰਿਤਾ ਸਿੰਘ ਵੀ ਭੂਚਾਲ ’ਚ ਮਰਨ ਵਾਲਿਆਂ ’ਚ ਸ਼ਾਮਲ ਸੀ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਨੇ ਦਸਿਆ ਕਿ ਸ਼ੁਕਰਵਾਰ ਰਾਤ ਨੂੰ ਆਏ ਭੂਚਾਲ ਤੋਂ ਬਾਅਦ ਕਰੀਬ 159 ਝਟਕੇ ਦਰਜ ਕੀਤੇ ਗਏ ਹਨ। ਬਹੁਤ ਸਾਰੇ ਲੋਕ ਇਕ ਹੋਰ ਭੂਚਾਲ ਅਤੇ ਅਪਣੇ ਘਰਾਂ ਨੂੰ ਸੰਭਾਵਤ ਨੁਕਸਾਨ ਦੇ ਡਰੋਂ ਰਾਤ ਭਰ ਬਾਹਰ ਰਹੇ। ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ਮੁਤਾਬਕ ਹਨੇਰੇ ’ਚ ਢਹਿ-ਢੇਰੀ ਇਮਾਰਤਾਂ ਦੇ ਮਲਬੇ ’ਚੋਂ ਲੋਕਾਂ ਨੂੰ ਬਾਹਰ ਕਢਦੇ ਵੇਖਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕਮਲ ਦਹਿਲ ‘ਪ੍ਰਚੰਡ’ ਨੇ ਸਨਿਚਰਵਾਰ ਸਵੇਰੇ ਮੈਡੀਕਲ ਟੀਮ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਭੂਚਾਲ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜਾਣਕਾਰੀ ਇਕੱਤਰ ਕੀਤੀ ਅਤੇ ਮੁੱਖ ਜ਼ਿਲ੍ਹਾ ਅਧਿਕਾਰੀ ਨਾਲ ਪ੍ਰਭਾਵਤ ਇਲਾਕਿਆਂ ਦਾ ਮੁਆਇਨਾ ਕੀਤਾ। ਫਿਰ ਉਹ ਸੱਤ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨਾਲ ਜਾਜਰਕੋਟ ਤੋਂ ਸੁਰਖੇਤ ਪਰਤਿਆ।
ਅਧਿਕਾਰੀਆਂ ਨੇ ਦਸਿਆ ਕਿ ਨੇਪਾਲ ਦੀ ਫ਼ੌਜ ਅਤੇ ਪੁਲਿਸ ਨੂੰ ਬਚਾਅ ਕਾਰਜਾਂ ’ਚ ਲਗਾਇਆ ਗਿਆ ਹੈ। ਦੇਸ਼ ਦੀਆਂ ਤਿੰਨੇ ਸੁਰੱਖਿਆ ਏਜੰਸੀਆਂ– ਨੇਪਾਲ ਆਰਮੀ, ਨੇਪਾਲ ਪੁਲਿਸ ਅਤੇ ਆਰਮਡ ਪੁਲਿਸ ਬਲਾਂ ਨੂੰ ਬਚਾਅ ਕਾਰਜਾਂ ’ਚ ਲਗਾਇਆ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ’ਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਅਪਣੇ ਗੁਆਂਢੀ ਦੇਸ਼ ਨਾਲ ਇਕਜੁਟਤਾ ’ਚ ਖੜਾ ਹੈ ਅਤੇ ਇਸ ਨੂੰ ਹਰ ਸੰਭਵ ਸਹੂਲਤਾਂ ਦੇਣ ਲਈ ਤਿਆਰ ਹੈ। ਅਧਿਕਾਰੀਆਂ ਨੇ ਦਸਿਆ ਕਿ ਜ਼ਖ਼ਮੀਆਂ ਦਾ ਸੁਰਖੇਤ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਪ੍ਰਚੰਡ ਨੇ ਸੁਰੱਖਿਆ ਏਜੰਸੀਆਂ ਨੂੰ ਤੁਰਤ ਬਚਾਅ ਅਤੇ ਰਾਹਤ ਕਾਰਜ ਕਰਨ ਦੇ ਹੁਕਮ ਦਿਤੇ ਹਨ।