
ਦੇਸ਼ ਦੀ ਸਭ ਤੋਂ ਵੱਡੀ ਮਹਿਲਾ ਯੂਨਿਟ 'ਬਲੂ ਹੈਲਮੇਟਸ' ਨੂੰ ਕੀਤਾ ਜਾ ਰਿਹਾ ਹੈ ਤਾਇਨਾਤ
ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ, ਭਾਰਤ ਅਬੇਈ ਵਿੱਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਇੱਕ ਪਲਟਨ ਤਾਇਨਾਤ ਕਰਨ ਜਾ ਰਿਹਾ ਹੈ। ਭਾਰਤ 2007 ਤੋਂ ਹੁਣ ਤੱਕ, ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਦੇਸ਼ ਦੀ ਸਭ ਤੋਂ ਵੱਡੀ ਮਹਿਲਾ ਯੂਨਿਟ ਬਲੂ ਹੈਲਮੇਟਸ ਨੂੰ ਤਾਇਨਾਤ ਕਰ ਰਿਹਾ ਹੈ।
ਇਸ ਕਦਮ ਨਾਲ ਸ਼ਾਂਤੀ ਰੱਖਿਅਕ ਬਲਾਂ ਵਿੱਚ ਔਰਤਾਂ ਦੀ ਗਿਣਤੀ 'ਚ ਮਹੱਤਵਪੂਰਨ ਵਾਧਾ ਕਰਨ ਦੇ ਭਾਰਤ ਦੇ ਇਰਾਦੇ ਦਾ ਪ੍ਰਗਟਾਵਾ ਹੁੰਦਾ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਵੀਰਵਾਰ ਨੂੰ ਪਲਟਨ ਦੀ ਇੱਕ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, "ਭਾਰਤ ਅਬੇਈ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਅਧੀਨ ਸਾਡੀ ਬਟਾਲੀਅਨ ਦੇ ਹਿੱਸੇ ਵਜੋਂ ਇੱਕ ਮਹਿਲਾ ਸ਼ਾਂਤੀ ਰੱਖਿਅਕ ਪਲਟੂਨ ਨੂੰ ਤਾਇਨਾਤ ਕਰ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਇਹ ਸਭ ਤੋਂ ਵੱਡੀ ਤੈਨਾਤੀ ਹੈ। ਉਨ੍ਹਾਂ ਨੂੰ ਸ਼ੁਭਕਾਮਨਾਵਾਂ।"
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਬੇਈ ਵਿੱਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਪਲਟਨ ਨੂੰ ਸੰਯੁਕਤ ਰਾਸ਼ਟਰ ਅੰਤਰਿਮ ਸੁਰੱਖਿਆ ਬਲ, ਅਬੇਈ 'ਚ ਭਾਰਤੀ ਬਟਾਲੀਅਨ ਦੇ ਹਿੱਸੇ ਵਜੋਂ 6 ਜਨਵਰੀ, 2023 ਨੂੰ ਤੈਨਾਤ ਕੀਤਾ ਗਿਆ ਹੈ।
ਇਸ ਬਿਆਨ ਅਨੁਸਾਰ, ਸਭ ਤੋਂ ਪਹਿਲਾਂ ਸਾਲ 2007 ਵਿੱਚ ਲਾਇਬੇਰੀਆ ਵਿੱਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਪਹਿਲੀ ਪਲਟਨ ਦੀ ਤਾਇਨਾਤੀ ਤੋਂ ਬਾਅਦ, ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਇਹ ਭਾਰਤ ਦੀ ਸਭ ਤੋਂ ਵੱਡੀ ਸਿੰਗਲ ਪਲਟੂਨ ਤਾਇਨਾਤੀ ਹੈ।
ਪਿਛਲੇ ਸਾਲ 31 ਅਕਤੂਬਰ ਤੱਕ, ਭਾਰਤ ਬੰਗਲਾਦੇਸ਼ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਮਿਸ਼ਨਾਂ ਵਿੱਚ ਫ਼ੌਜ ਦਾ ਦੂਜਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਦੇਸ਼ ਹੈ। ਭਾਰਤ ਕੁੱਲ 12 ਮਿਸ਼ਨਾਂ ਵਿੱਚ 5,5887 ਸੈਨਿਕ ਅਤੇ ਕਰਮਚਾਰੀ ਭੇਜ ਚੁੱਕਿਆ ਹੈ।