
ਕੌਮਾਂਤਰੀ ਰਾਜਨੀਤੀ, ਆਲਮੀ ਸਿੱਖ ਮੁੱਦਿਆਂ ’ਤੇ ਹੋਈ ਚਰਚਾ
International News: ਬਰਤਾਨੀਆ ਤੋਂ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅਪਣੇ ਕੈਨੇਡੀਅਨ ਹਮਰੁਤਬਾ ਇਕਵਿੰਦਰ ਸਿੰਘ ਗਹੀਰ ਨਾਲ ਬਰਤਾਨੀਆ ਦੀ ਯਾਤਰਾ ਦੌਰਾਨ ਮੁਲਾਕਾਤ ਕੀਤੀ। ਮੀਟਿੰਗ ਸਲੋ ’ਚ ਹੋਈ, ਜਿਥੇ ਦੋਵੇਂ ਸੰਸਦ ਮੈਂਬਰਾਂ ਨੇ ਸਿਆਸੀ ਅਤੇ ਕੌਮਾਂਤਰੀ ਸਿੱਖ ਮਾਮਲਿਆਂ ਦੀ ਵਿਆਪਕ ਲੜੀ ਬਾਰੇ ਵਿਚਾਰ-ਵਟਾਂਦਰੇ ਕੀਤੇ।
ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਤਨਮਨਜੀਤ ਸਿੰਘ ਢੇਸੀ ਨੇ ਇਕਵਿੰਦਰ ਸਿੰਘ ਗਹੀਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਕ ਹੋਣਹਾਰ ਅਤੇ ਗਤੀਸ਼ੀਲ ਵਿਅਕਤੀ ਹਨ, ਜਿਨ੍ਹਾਂ ’ਚ ਕੈਨੇਡਾ ’ਚ ਸਿੱਖ ਭਾਈਚਾਰੇ ਦੀ ਭਲਾਈ ’ਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਅਥਾਹ ਸਮਰਥਾ ਹੈ। ਢੇਸੀ ਨੇ ਕਿਹਾ, ‘‘ਇਹ ਕੌਮਾਂਤਰੀ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ, ਹਾਲ ਹੀ ’ਚ ਵਿਸ਼ਵ ਵਿਆਪੀ ਸਿੱਖ ਚਿੰਤਾਵਾਂ ਅਤੇ ਸਾਡੇ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਦੀ ਤਲਾਸ਼ ਦੇ ਦੁਆਲੇ ਘੁੰਮਦੀ ਇਕ ਵਧੀਆ ਚਰਚਾ ਸੀ।’’
ਦੋਹਾਂ ਉਘੇ ਸੰਸਦ ਮੈਂਬਰਾਂ ਵਿਚਾਲੇ ਗੱਲਬਾਤ ਸਿੱਖ ਭਾਈਚਾਰੇ ਨਾਲ ਸਬੰਧਤ ਮੁੱਦਿਆਂ ਦੇ ਨਾਲ-ਨਾਲ ਵਿਆਪਕ ਗਲੋਬਲ ਸਿਆਸੀ ਮਾਮਲਿਆਂ ’ਤੇ ਡੂੰਘੀ ਸਮਝ ਅਤੇ ਸਹਿਯੋਗ ਨੂੰ ਉਤਸ਼ਾਹਤ ਕਰਨ ’ਤੇ ਕੇਂਦਰਿਤ ਸੀ। ਇਸ ਵਿਚਾਰ-ਵਟਾਂਦਰੇ ਦਾ ਉਦੇਸ਼ ਕੈਨੇਡਾ ਅਤੇ ਬਰਤਾਨੀਆਂ ਦਰਮਿਆਨ ਸਹਿਯੋਗ ਅਤੇ ਇਕਜੁੱਟਤਾ ਵਧਾਉਣ ਦੇ ਰਸਤਿਆਂ ਦੀ ਪਛਾਣ ਕਰਨਾ ਅਤੇ ਵਿਸ਼ਵ ਭਰ ’ਚ ਸਿੱਖ ਭਾਈਚਾਰੇ ਦੀਆਂ ਸਾਂਝੀਆਂ ਚਿੰਤਾਵਾਂ ਅਤੇ ਹਿੱਤਾਂ ਨੂੰ ਹੱਲ ਕਰਨਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਢੇਸੀ ਨੇ ਸਰਹੱਦ ਪਾਰ ਸਮਝ ਨੂੰ ਉਤਸ਼ਾਹਤ ਕਰਨ ਲਈ ਅਜਿਹੇ ਸੰਵਾਦਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਵਿਸ਼ਵ ਪੱਧਰ ’ਤੇ ਸਿੱਖਾਂ ਨੂੰ ਦਰਪੇਸ਼ ਸਾਂਝੀਆਂ ਚੁਨੌਤੀਆਂ ਨਾਲ ਨਜਿੱਠਣ ਲਈ ਸਹਿਯੋਗੀ ਯਤਨਾਂ ਦੀ ਮਹੱਤਤਾ ’ਤੇ ਜ਼ੋਰ ਦਿਤਾ। ਦੋਹਾਂ ਸੰਸਦ ਮੈਂਬਰਾਂ ਨੇ ਅਪਣੇ-ਅਪਣੇ ਭਾਈਚਾਰਿਆਂ ਦੀ ਬਿਹਤਰੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਹੁਲਾਰਾ ਦੇਣ ਲਈ ਅਜਿਹੇ ਰਚਨਾਤਮਕ ਰੁਝੇਵਿਆਂ ਨੂੰ ਜਾਰੀ ਰੱਖਣ ਦੀ ਅਪਣੀ ਵਚਨਬੱਧਤਾ ਜ਼ਾਹਰ ਕੀਤੀ।
ਇਹ ਮੀਟਿੰਗ ਵਿਸ਼ਵ ਪੱਧਰ ’ਤੇ ਸਿੱਖ ਭਾਈਚਾਰੇ ਨੂੰ ਪ੍ਰਭਾਵਤ ਕਰਨ ਵਾਲੇ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ, ਏਕਤਾ ਨੂੰ ਉਤਸ਼ਾਹਤ ਕਰਨ ਅਤੇ ਦੇਸ਼ਾਂ ਦਰਮਿਆਨ ਸਹਿਯੋਗ ਦੇ ਰਾਹ ਲੱਭਣ ਲਈ ਯਤਨਸ਼ੀਲ ਨੇਤਾਵਾਂ ਦੇ ਸਮਰਪਣ ਅਤੇ ਸਹਿਯੋਗੀ ਭਾਵਨਾ ਦਾ ਸਬੂਤ ਹੈ।
(For more Punjabi news apart from Canadian MP Iqwinder Singh Gaheer meets UK MP Tanmanjeet Singh Dhesi, stay tuned to Rozana Spokesman)