
ਸਰਕਾਰ ਕੋਲ ਨਹੀਂ ਬਚਿਆ ਤੇਲ ਖ਼ਰੀਦਣ ਲਈ ਪੈਸਾ
ਇਸਲਾਮਾਬਾਦ : ਪਾਕਿਸਤਾਨ ਨੂੰ ਇਕ ਵਾਰ ਫਿਰ ਜ਼ੋਰਦਾਰ ਝਟਕਾ ਲੱਗਣ ਵਾਲਾ ਹੈ। ਆਰਥਿਕ ਸੰਕਟ ’ਚ ਫਸੇ ਦੇਸ਼ ’ਚ ਡਾਲਰ ਦੀ ਕਮੀ ਕਾਰਨ ਸੱਭ ਤੋਂ ਵੱਡੀ ਤੇਲ ਰਿਫ਼ਾਇਨਰੀ ਸੇਨਰਜੀਕੋ ਬੰਦ ਕਰ ਦਿਤੀ ਗਈ ਹੈ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਪਿਛਲੇ ਦਿਨੀਂ ਰੁਪਏ ਦੀ ਕੀਮਤ ’ਚ ਇਤਿਹਾਸਕ ਤੌਰ ’ਤੇ ਗਿਰਾਵਟ ਆਈ ਹੈ। ਇਸ ਨਾਲ ਕੱਚੇ ਤੇਲ ਦੀ ਦਰਾਮਦ ਦੀ ਸਮਰਥਾ ’ਤੇ ਕਾਫ਼ੀ ਅਸਰ ਪਿਆ ਹੈ। ਅਜਿਹੇ ’ਚ ਇਹ ਮੁਸ਼ਕਲ ਫ਼ੈਸਲਾ ਲੈਣਾ ਪੈ ਗਿਆ ਹੈ। ਰਿਫ਼ਾਇਨਰੀ ’ਚ ਕੱਚਾ ਤੇਲ ਨਹੀਂ ਬਚਿਆ ਹੈ।
ਸੇਨਰਜੀਕੋ ਦੇਸ਼ ਦੀ ਸੱਭ ਤੋਂ ਵੱਡੀ ਤੇਲ ਰਿਫ਼ਾਇਨਰੀ ਹੈ। ਇਸ ਦੇ ਖਪਤਕਾਰ ਹੈੱਡ ਸੇਲਜ਼ ਸਈਦ ਅਦੀਲ ਆਜ਼ਮ ਵਲੋਂ 31 ਜਨਵਰੀ ਨੂੰ ਪਟਰੌਲੀਅਮ ਮੰਤਰਾਲੇ ਨੂੰ ਚਿੱਠੀ ਲਿਖੀ ਗਈ ਸੀ। ਚਿੱਠੀ ’ਚ ਕਿਹਾ ਗਿਆ ਸੀ ਕਿ ਸੇਨਰਜੀਕੋ ਰਿਫ਼ਾਇਨਰੀ ਨੂੰ 2 ਫ਼ਰਵਰੀ ਤਕ ਬੰਦ ਕਰਨਾ ਪਵੇਗਾ ਅਤੇ ਇਹ 10 ਫ਼ਰਵਰੀ ਤੋਂ ਹੀ ਕੰਮ ਸ਼ੁਰੂ ਕਰ ਸਕੇਗੀ ਜਦੋਂ ਤੇਲ ਦੇ ਜਹਾਜ਼ ਪਹੁੰਚਣਗੇ।
ਇਸ ਰਿਫ਼ਾਇਨਰੀ ਨੂੰ ਪਹਿਲਾਂ ਬਾਈਕੋ ਪਟਰੌਲੀਅਮ ਵਜੋਂ ਜਾਣਿਆ ਜਾਂਦਾ ਸੀ। ਰਿਫ਼ਾਇਨਰੀ ਕੋਲ 156,000 ਬੈਰਲ ਪ੍ਰਤੀ ਦਿਨ ਕੱਚੇ ਤੇਲ ਨੂੰ ਪ੍ਰੋਸੈਸ ਕਰਨ ਦੀ ਸਮਰਥਾ ਹੈ। ਇਥੇ ਤਕ ਪਟਰੌਲੀਅਮ, ਡੀਜ਼ਲ, ਭੱਠੀ ਦੇ ਤੇਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਨੂੰ ਰਿਫ਼ਾਈਨ ਕਰਨ ਦਾ ਕੰਮ ਹੁੰਦਾ ਹੈ। ਤੇਲ ਕੰਪਨੀ ਸਲਾਹਕਾਰ ਕਾਊਂਸਲ (ਓ.ਸੀ.ਏ.ਸੀ.) ਵਲੋਂ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਟੀ (ਓ.ਜੀ.ਆਰ.ਏ.) ਨੂੰ ਪਿਛਲੇ ਹਫ਼ਤੇ ਲਿਖੀ ਚਿੱਠੀ ’ਚ ਕਿਹਾ ਗਿਆ ਸੀ ਕਿ ਤੇਲ ਉਦਯੋਗ ਢਹਿ-ਢੇਰੀ ਹੋਣ ਦੀ ਕਗਾਰ ’ਤੇ ਹੈ। ਜੇਕਰ ਤੁਰਤ ਕੋਈ ਕਦਮ ਨਾ ਚੁਕਿਆ ਗਿਆ ਅਤੇ ਦਰਾਮਦ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਨਾ ਕੀਤਾ ਗਿਆ ਤਾਂ ਸੱਭ ਕੁੱਝ ਖ਼ਤਮ ਹੋ ਜਾਵੇਗਾ। ਇਸ ਚਿੱਠੀ ’ਚ ਸਾਫ਼ ਲਿਖਿਆ ਗਿਆ ਸੀ ਕਿ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਪਾਕਿਸਤਾਨੀ ਰੁਪਿਆ ਲਗਾਤਾਰ ਡਿੱਗ ਰਿਹਾ ਹੈ