
Donald Trump Jr.: ਖੇਤਰੀ ਕੌਂਸਲਰ ਨੇ ਕਿਹਾ, ‘‘ਵੇਨੇਟੋ ਅਤੇ ਇਟਲੀ ਅਮਰੀਕਾ ਦੀ ਜਾਇਦਾਦ ਨਹੀਂ’’
ਕਿਹਾ, ਸੁਰੱਖਿਅਤ ਪੰਛੀ ਨੂੰ ਮਾਰਨਾ ਅਪਰਾਧਕ ਕਾਰਵਾਈ
Donald Trump Jr.: ਡੋਨਾਲਡ ਟਰੰਪ ਜੂਨੀਅਰ ’ਤੇ ਵੇਨਿਸ ਝੀਲ ਵਿਚ ਸ਼ਿਕਾਰ ਕਰਦੇ ਸਮੇਂ ਇਕ ਸੁਰੱਖਿਅਤ ਬੱਤਖ ਨੂੰ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਵੇਨੇਟੋ ਦੀ ਇਕ ਖੇਤਰੀ ਕੌਂਸਲਰ, ਐਂਡਰੀਆ ਜ਼ਾਨੋਨੀ ਨੇ ਕਿਹਾ ਕਿ ਉੱਤਰੀ ਇਟਲੀ ਵਿਚ ਇਕ ਸ਼ਿਕਾਰ ਯਾਤਰਾ ਦੀ ਵੀਡੀਓ ਵਿਚ ਟਰੰਪ ਜੂਨੀਅਰ ਨੂੰ ਇਕ ਦੁਰਲੱਭ ਰਡੀ ਸ਼ੈਲਡਕ (ਟਡੋਰਨਾ ਫੇਰੂਗਿਨੀਆ) ਦੀ ਲਾਸ਼ ਨਾਲ ਦਿਖਾਇਆ ਗਿਆ ਹੈ।
ਉਸਨੇ ਕਿਹਾ, ‘‘ਇਹ ਪ੍ਰਜਾਤੀ ਯੂਰਪ ਭਰ ਵਿਚ ਯੂਰਪੀਅਨ ਯੂਨੀਅਨ ਬਰਡਜ਼ ਡਾਇਰੈਕਟਿਵ ਦੁਆਰਾ ਅਤੇ ਨਿਸ਼ਚਿਤ ਤੌਰ ’ਤੇ ਇਤਾਲਵੀ ਕਾਨੂੰਨ ਦੁਆਰਾ ਸੁਰੱਖਿਅਤ ਹੈ...ਜੋ ਇਸ ਨੂੰ ਮਾਰਨ ਅਤੇ ਰੱਖਣ ਨੂੰ ਅਪਰਾਧਕ ਤੌਰ ’ਤੇ ਸਜ਼ਾਯੋਗ ਬਣਾਉਂਦੀ ਹੈ।’’ ਉਨ੍ਹਾਂ ਫ਼ੇਸਮਬੁੱਕ ’ਤੇ ਇਕ ਪੋਸਟ ’ਚ ਕਿਹਾ, ‘‘ਵੇਨੇਟੋ ਅਤੇ ਇਟਲੀ ਅਮਰੀਕਾ ਦੀ ਜਾਇਦਾਦ ਨਹੀਂ।’’
ਫ਼ੀਲਡ ਈਥੋਸ ਦੇ ਇਕ ਵੀਡੀਓ ਵਿਚ ਟਰੰਪ ਜੂਨੀਅਰ ਨੂੰ ਝੀਲ ਵਿਚ ਇਕ ਫੋਕਸਹੋਲ ਤੋਂ ਬੱਤਖਾਂ ਨੂੰ ਗੋਲੀ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ, ਇਕ ਆਉਟਡੋਰ ਲਾਈਫ਼ਸਟਾਈਲ ਪ੍ਰਕਾਸ਼ਨ ਜਿਸ ਦੀ ਉਸਨੇ ਸਹਿ-ਸਥਾਪਨਾ ਕੀਤੀ ਸੀ। ਇਕ ਕਲਿੱਪ ਵਿਚ, ਉਹ ਅੱਧੀ ਦਰਜ਼ਨ ਜਲਪੰਛੀਆਂ ਦੀਆਂ ਲਾਸ਼ਾਂ ਵਿਚੋਂ ਇਕ ਵਿਲੱਖਣ ਰੰਗੀਨ ਸੰਤਰੀ ਬਤਖ ਵਲ ਇਸ਼ਾਰਾ ਕਰਦਾ ਹੈ। ਉਸ ਨੇ ਕਿਹਾ, ‘‘ਇਹ ਖੇਤਰ ਲਈ ਅਸਲ ਵਿਚ ਇਕ ਅਸਾਧਾਰਨ ਬਤਖ ਹੈ’’। ਇਹ ਵੀ ਪਤਾ ਨਹੀਂ ਕਿ ਇਹ ਅੰਗਰੇਜ਼ੀ ਵਿਚ ਕੀ ਹੈ, ਪਰ ਸ਼ਾਨਦਾਰ ਸ਼ੂਟਿੰਗ।’’
ਭਾਰਤ ਵਿਚ ਬ੍ਰਾਹਮਣੀ ਬਤਖ ਵਜੋਂ ਮਸ਼ਹੂਰ ਰੱਡੀ ਸ਼ੈਲਡਕ ਇਕ ਪ੍ਰਵਾਸੀ ਪੰਛੀ ਹੈ ਜੋ ਦਖਣੀ ਏਸ਼ੀਆ ਵਿਚ ਸਰਦੀਆਂ ਬਿਤਾਉਂਦਾ ਹੈ ਅਤੇ ਦੱਖਣ-ਪੂਰਬੀ ਯੂਰਪ ਵਿਚ ਪ੍ਰਜਨਨ ਕਰਦਾ ਹੈ। ਇਸਦੀ ਵਿਸ਼ਵਵਿਆਪੀ ਸੰਭਾਲ ਸਥਿਤੀ ਖ਼ਤਰੇ ਵਿਚ ਨਹੀਂ ਹੈ, ਪਰ ਵਾਤਾਵਰਣ ਵਿਗਿਆਨੀਆਂ ਨੇ ਇਸਦੇ ਭਵਿੱਖ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਕਿਉਂਕਿ ਇਸਦੀ ਪ੍ਰਜਨਨ ਸੀਮਾ ਜਲਵਾਯੂ ਤਬਦੀਲੀ ਕਾਰਨ ਬਦਲ ਰਹੀ ਹੈ।
ਜ਼ਾਨੋਨੀ ਨੇ ਕਿਹਾ ਕਿ ਸੁਰੱਖਿਅਤ ਪੰਛੀ ਨੂੰ ਮਾਰਨਾ ਅਪਰਾਧ ਹੈ ਅਤੇ ਉਸ ਨੇ ਟਰੰਪ ਜੂਨੀਅਰ ਦੇ ਇਟਲੀ ਵਿਚ ਗ਼ੈਰ-ਨਿਵਾਸੀ ਵਜੋਂ ਸ਼ਿਕਾਰ ਕਰਨ ਦੇ ਅਧਿਕਾਰ ’ਤੇ ਸਵਾਲ ਉਠਾਏ। ਇਟਾਲੀਅਨ ਹੰਟਿੰਗ ਫ਼ੈਡਰੇਸ਼ਨ ਦੇ ਪ੍ਰਧਾਨ ਮੈਸੀਮੋ ਬੁਕੋਨੀ ਨੇ ਇਸ ਦਾਅਵੇ ਨੂੰ ਰੱਦ ਕਰ ਦਿਤਾ ਕਿ ਵਿਦੇਸ਼ੀ ਲੋਕ ਇਟਲੀ ਵਿਚ ਸ਼ਿਕਾਰ ਨਹੀਂ ਕਰ ਸਕਦੇ, ਪਰ ਕਿਹਾ ਕਿ ਜੇਕਰ ਵੀਡੀਓ ਵਿਚ ਦਿਖ ਰਿਹੇ ਪੰਛੀ ਦੇ ਰੱਡੀ ਸ਼ੈਲਡਕ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਕਾਨੂੰਨ ਦੀ ਉਲੰਘਣਾ ਹੋਵੇਗੀ।