
ਜਰਮਨੀ ਦੇ ਵਿਅਕਤੀ ਦੀ ਪ੍ਰਤੀਰੋਧਕ ਸਮਰਥਾ ’ਤੇ ਨਹੀਂ ਪਿਆ ਕੋਈ ਅਸਰ
ਨਵੀਂ ਦਿੱਲੀ: ਖੋਜਕਰਤਾਵਾਂ ਨੇ ਇਕ ਜਰਮਨ ਵਿਅਕਤੀ ਦੀ ਜਾਂਚ ਕੀਤੀ ਹੈ, ਜਿਸ ਨੇ ਕੋਵਿਡ-19 ਟੀਕੇ ਦੀਆਂ 217 ਖੁਰਾਕਾਂ ਲੈਣ ਦਾ ਦਾਅਵਾ ਕੀਤਾ ਸੀ। ਖੋਜਕਰਤਾਵਾਂ ਨੇ ਪਾਇਆ ਕਿ ਇਸ ਦੇ ਬਾਵਜੂਦ ਉਸ ਦੇ ਸਰੀਰ ਦਾ ਬਿਮਾਰੀਆਂ ਨੂੰ ਦੂਰ ਰੱਖਣ ਵਾਲੀ ਪ੍ਰਣਾਲੀ ਪੂਰੀ ਤਰ੍ਹਾਂ ਸਰਗਰਮ ਹੈ। ਹੁਣ ਤਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਤਰ੍ਹਾਂ ਦੇ ਜ਼ਿਆਦਾ ਟੀਕਾਕਰਨ ਦਾ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ’ਤੇ ਕੀ ਅਸਰ ਪੈਂਦਾ ਹੈ।
ਕੁੱਝ ਵਿਗਿਆਨੀਆਂ ਦੀ ਰਾਏ ਸੀ ਕਿ ਐਂਟੀਜਨ ਦੀ ਆਦਤ ਪੈਣ ਤੋਂ ਬਾਅਦ ਇਮਿਊਨ ਸੈੱਲ ਘੱਟ ਪ੍ਰਭਾਵਸ਼ਾਲੀ ਹੋ ਜਾਣਗੇ। ਹਾਲਾਂਕਿ ‘ਦਿ ਲੈਂਸੇਟ ਇਨਫੈਕਸ਼ਨ ਡਿਸੀਜ਼ ਜਰਨਲ’ ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਇਸ ਮਾਮਲੇ ’ਚ ਵਿਅਕਤੀ ਦੀ ਪ੍ਰਤੀਰੋਧਕ ਪ੍ਰਣਾਲੀ ਪੂਰੀ ਤਰ੍ਹਾਂ ਸਰਗਰਮ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਜਰਮਨੀ ਵਿਚ 6 ਕਰੋੜ ਤੋਂ ਵੱਧ ਲੋਕਾਂ ਨੂੰ ਕੋਵਿਡ-19 ਟੀਕਾ ਲਗਾਇਆ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ ਕਈਆਂ ਨੂੰ ਟੀਕੇ ਦੀਆਂ ਕਈ ਖੁਰਾਕਾਂ ਦਿਤੀਆਂ ਗਈਆਂ ਹਨ। ਜਰਮਨੀ ਦੀ ਫ੍ਰੀਡਰਿਕ-ਅਲੈਗਜ਼ੈਂਡਰ ਯੂਨੀਵਰਸਿਟੀ ਆਫ ਏਰਲੈਂਗਨ-ਨੂਰਨਬਰਗ (ਐਫ.ਏ.ਯੂ.) ਦੀ ਟੀਮ ਨੇ ਜਿਸ ਵਿਅਕਤੀ ਦੀ ਜਾਂਚ ਕੀਤੀ, ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਨਿੱਜੀ ਕਾਰਨਾਂ ਕਰ ਕੇ ਟੀਕੇ ਦੀਆਂ 217 ਖੁਰਾਕਾਂ ਲੈਣੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ 134 ਖੁਰਾਕਾਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਹੋ ਚੁਕੀ ਹੈ। ਐਫ.ਏ.ਯੂ. ਦੇ ਕਿਲੀਅਨ ਸ਼ੋਬਰ ਨੇ ਕਿਹਾ, ‘‘ਸਾਨੂੰ ਅਖਬਾਰ ਤੋਂ ਉਸ ਦੇ ਮਾਮਲੇ ਬਾਰੇ ਪਤਾ ਲੱਗਿਆ। ਫਿਰ ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਏਰਲੈਂਗਨ (ਜਰਮਨੀ ਦਾ ਇਕ ਸ਼ਹਿਰ) ’ਚ ਵੱਖ-ਵੱਖ ਟੈਸਟ ਕਰਵਾਉਣ ਲਈ ਸੱਦਾ ਦਿਤਾ ਜਿਸ ’ਚ ਉਨ੍ਹਾਂ ਨੇ ਬਹੁਤ ਦਿਲਚਸਪੀ ਵਿਖਾਈ।’’
ਟੀਕਾਕਰਨ ’ਚ ਰੋਗਾਣੂ ਦੇ ਕੁੱਝ ਹਿੱਸਿਆਂ ਨੂੰ ਸਰੀਰ ’ਚ ਪਹੁੰਚਾਇਆ ਜਾਂਦਾ ਹੈ ਜਾਂ ਇਕ ਕਿਸਮ ਦੀ ਨਿਰਮਾਣ ਯੋਜਨਾ ਸ਼ਾਮਲ ਹੁੰਦੀ ਹੈ ਜਿਸ ਦੀ ਵਰਤੋਂ ਟੀਕਾਕਰਨ ਕਰਨ ਵਾਲੇ ਵਿਅਕਤੀ ਦੇ ਸੈੱਲ ਇਨ੍ਹਾਂ ਰੋਗਾਣੂਆਂ ਦੇ ਭਾਗਾਂ ਨੂੰ ਪੈਦਾ ਕਰਨ ਲਈ ਕਰ ਸਕਦੇ ਹਨ। ਖੋਜਕਰਤਾ ਇਹ ਵਿਸ਼ਲੇਸ਼ਣ ਕਰਨਾ ਚਾਹੁੰਦੇ ਸਨ ਕਿ ਜੇ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਕਿਸੇ ਵਿਸ਼ੇਸ਼ ਐਂਟੀਜਨ ਦੇ ਸੰਪਰਕ ’ਚ ਬਹੁਤ ਵਾਰ ਆਉਂਦੀ ਹੈ ਤਾਂ ਕੀ ਹੁੰਦਾ ਹੈ।