
ਮ੍ਰਿਤਕ ਦੀ ਪਛਾਣ ਮੁਹੰਮਦ ਅਸਫਾਨ ਵਜੋਂ ਹੋਈ
ਮਾਸਕੋ: ਰੂਸ ’ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ ਅਤੇ ਅਧਿਕਾਰੀ ਉਸ ਦੀ ਲਾਸ਼ ਨੂੰ ਘਰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਭਾਰਤੀ ਸਫ਼ਾਰਤਖ਼ਾਨੇ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਸਫ਼ਾਰਤਖ਼ਾਨੇ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਹੈਦਰਾਬਾਦ ਵਾਸੀ ਮੁਹੰਮਦ ਅਸਫਾਨ ਵਜੋਂ ਹੋਈ ਹੈ। ਸਫ਼ਾਰਤਖ਼ਾਨੇ ਨੇ ਉਸ ਦੀ ਮੌਤ ਦੇ ਹਾਲਾਤ ਬਾਰੇ ਕੋਈ ਵੇਰਵਾ ਨਹੀਂ ਦਿਤਾ। ਸਫ਼ਾਰਤਖ਼ਾਨੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਸਾਨੂੰ ਭਾਰਤੀ ਨਾਗਰਿਕ ਮੁਹੰਮਦ ਅਸਫਾਨ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਅਸੀਂ ਪਰਵਾਰ ਅਤੇ ਰੂਸੀ ਅਧਿਕਾਰੀਆਂ ਨਾਲ ਸੰਪਰਕ ’ਚ ਹਾਂ। ਮਿਸ਼ਨ ਉਸ ਦੀ ਲਾਸ਼ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕਰੇਗਾ।’’
ਸੰਪਰਕ ਕੀਤੇ ਜਾਣ 'ਤੇ ਅਫਸਾਨ ਦੇ ਭਰਾ ਇਮਰਾਨ ਨੇ ਕਿਹਾ ਕਿ ਮਾਸਕੋ 'ਚ ਭਾਰਤੀ ਦੂਤਘਰ ਨੇ ਉਸ ਦੇ 30 ਸਾਲਾ ਭਰਾ ਦੀ ਮੌਤ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ ਹੈ। ਉਸ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਉਸਦੇ ਭਰਾ ਦੀ ਲਾਸ਼ ਵਾਪਸ ਲਿਆਉਣ ਵਿੱਚ ਮਦਦ ਕਰੇ
ਮੀਡੀਆ ਰੀਪੋਰਟਾਂ ਮੁਤਾਬਕ ਰੂਸੀ ਫੌਜ ’ਚ ਸੁਰੱਖਿਆ ਸਹਾਇਕ ਦੇ ਤੌਰ ’ਤੇ ਭਰਤੀ ਕੀਤੇ ਗਏ ਕਈ ਭਾਰਤੀਆਂ ਨੂੰ ਵੀ ਯੂਕਰੇਨ ਦੀ ਸਰਹੱਦ ਨਾਲ ਲਗਦੇ ਰੂਸ ਦੇ ਕੁੱਝ ਸਰਹੱਦੀ ਖੇਤਰਾਂ ’ਚ ਰੂਸੀ ਫੌਜੀਆਂ ਨਾਲ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ ਹੈ।
ਪਿਛਲੇ ਹਫਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨਵੀਂ ਦਿੱਲੀ ’ਚ ਕਿਹਾ ਸੀ ਕਿ ਅਧਿਕਾਰੀ ਰੂਸੀ ਫੌਜ ਦੇ ਸਹਿਯੋਗੀ ਸਟਾਫ ਦੇ ਤੌਰ ’ਤੇ ਕੰਮ ਕਰ ਰਹੇ ਕਰੀਬ 20 ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਨੂੰ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਸਮਝਦੇ ਹਾਂ ਕਿ ਲਗਭਗ 20 ਲੋਕ (ਭਾਰਤੀ) ਹਨ ਜੋ ਰੂਸੀ ਫੌਜ ਨਾਲ ਸਹਿਯੋਗੀ ਸਟਾਫ ਦੇ ਤੌਰ ’ਤੇ ਕੰਮ ਕਰਨ ਗਏ ਹਨ।’’