
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਮੋਟਰਸਾਈਕਲ ਯਾਤਰਾ
ਬਰਮਿੰਘਮ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੈਨੇਡਾ ਦੇ 'ਸਿੱਖ ਮੋਟਰਸਾਈਕਲ ਕਲੱਬ' ਦੇ 6 ਮੈਂਬਰ ਮੋਟਰਸਾਈਕਲਾਂ ਰਾਹੀਂ ਇੰਗਲੈਂਡ ਪੁੱਜੇ। ਜਿੱਥੇ 'ਖ਼ਾਲਸਾ ਏਡ' ਦੇ ਮੁਖੀ ਰਵੀ ਸਿੰਘ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬੀਤੇ ਦਿਨੀਂ ਸਿੱਖਾਂ ਦਾ ਇਹ 6 ਮੈਂਬਰੀ ਜੱਥਾ ਮੋਟਰਸਾਈਕਲਾਂ ਰਾਹੀਂ ਕੈਨੇਡਾ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਸੀ।
ਇਹ ਜਥਾ 'ਖ਼ਾਲਸਾ ਏਡ' ਲਈ ਡੋਨੇਸ਼ਨ ਵੀ ਇਕੱਠੀ ਕਰ ਰਿਹਾ ਹੈ। ਇੰਗਲੈਂਡ ਪੁੱਜਣ ਮੌਕੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਇਨ੍ਹਾਂ ਸਿੱਖ ਬਾਈਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਕੈਨੇਡਾ ਦੇ 'ਸਿੱਖ ਮੋਟਰਸਾਈਕਲ ਕਲੱਬ' ਦੇ ਇਨ੍ਹਾਂ 6 ਮੈਂਬਰਾਂ ਵਿਚ ਆਜ਼ਾਦਵਿੰਦਰ ਸਿੰਘ ਸਿੱਧੂ, ਪਰਵੀਤ ਸਿੰਘ ਠੱਕਰ, ਜਤਿੰਦਰ ਸਿੰਘ ਚੌਹਾਨ, ਸੁਖਵੀਰ ਸਿੰਘ ਮਲਾਇਤ, ਜਸਮੀਤ ਪਾਲ ਸਿੰਘ ਅਤੇ ਮਨਦੀਪ ਸਿੰਘ ਧਾਲੀਵਾਲ ਸ਼ਾਮਲ ਹਨ।
Sikh Motorcyclists Of Battalion
ਹੁਣ ਇਹ ਜੱਥਾ ਵਰਲਡ ਟੂਰ ਦੇ ਪਹਿਲੇ ਪੜਾਅ ਦੌਰਾਨ ਵੈਨਕੂਵਰ ਤੋਂ ਹਵਾਈ ਜਹਾਜ਼ ਰਾਹੀਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਪੁੱਜਿਆ। ਇੱਥੋਂ ਇਹ ਜੱਥਾ ਵਰਲਡ ਟੂਰ ਦੇ ਅਗਲੇਰੇ ਪੜਾਅ ਤਹਿਤ ਮੋਟਰਸਾਈਕਲਾਂ ਰਾਹੀਂ ਸੜਕ ਰਸਤੇ ਆਪਣੇ ਅਗਲੇ ਪੜਾਅ ਦੀ ਆਰੰਭਤਾ ਕਰੇਗਾ। ਇਹ ਸਿੱਖ ਬਾਈਕਰਾਂ ਦਾ ਜਥਾ ਯੂਰਪ ਦੇ ਚੋਣਵੇਂ ਦੇਸ਼ਾਂ ਰਾਹੀਂ ਹੁੰਦਾ ਹੋਇਆ ਈਰਾਨ ਰਾਹੀਂ ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ ਅਤੇ ਕਰੀਬ 45 ਦਿਨਾਂ ਦੀ ਲੰਬੀ ਯਾਤਰਾ ਮਗਰੋਂ ਪੰਜਾਬ ਦੀ ਇਤਿਹਾਸਕ ਨਗਰੀ ਸੁਲਤਾਨਪੁਰੀ ਲੋਧੀ ਵਿਖੇ ਪੁੱਜੇਗਾ। ਜਿੱਥੇ ਇਸ ਯਾਤਰਾ ਦੀ ਸਮਾਪਤੀ ਹੋਵੇਗੀ। ਦੇਖੋ ਵੀਡੀਓ