
ਇਸ ਸਾਲ ਹੁਣ ਤਕ ਅਮਰੀਕਾ ਤੋਂ ਛੇ ਭਾਰਤੀਆਂ ਦੀ ਮੌਤ ਦੀ ਆ ਚੁੱਕੀ ਹੈ ਖ਼ਬਰ
ਨਿਊਯਾਰਕ: ਅਮਰੀਕੀ ਸੂਬੇ ਓਹਾਇਉ ’ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ ਸਥਿਤ ਭਾਰਤ ਦੇ ਸਫ਼ਾਰਤੀ ਮਿਸ਼ਨ ਨੇ ਇਹ ਜਾਣਕਾਰੀ ਦਿਤੀ। ਨਿਊਯਾਰਕ ’ਚ ਭਾਰਤ ਦੇ ਕੌਂਸਲੇਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਓਹਾਇਉ ਦੇ ਕੁਈਨਜ਼ਲੈਂਡ ’ਚ ਉਮਾ ਸੱਤਿਆ ਸਾਈ ਦੀ ‘ਮੰਦਭਾਗੀ ਮੌਤ’ ਦੀ ਖ਼ਬਰ ਨਾਲ ਉਹ ‘ਬਹੁਤ ਦੁਖੀ’ ਹਨ।
ਕੌਂਸਲੇਟ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਫ਼ਰਤਖ਼ਾਨਾ ਉਮਾ ਦੇ ਭਾਰਤ ’ਚ ਰਹਿ ਰਹੇ ਪਰਵਾਰ ਨਾਲ ਸੰਪਰਕ ’ਚ ਹੈ। ਉਸ ਨੇ ਕਿਹਾ, ‘‘ਪਰਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਅਤੇ ਊਮਾ ਦੀ ਲਾਸ਼ ਛੇਤੀ ਤੋਂ ਛੇਤੀ ਭਾਰਤ ਭੇਜੀ ਜਾਵੇਗੀ।’’
ਅਮਰੀਕਾ ’ਚ 2024 ਦੀ ਸ਼ੁਰੂਆਤ ਤੋਂ ਹੁਣ ਤਕ ਭਾਰਤੀ ਅਤੇ ਭਾਰਤੀ ਮੂਲ ਦੇ ਘੱਟ ਤੋਂ ਘੱਟ ਛੇ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਹਮਲਿਆਂ ਦੀ ਗਿਣਤੀ ’ਚ ਚਿੰਤਾਜਨਕ ਵਾਧੇ ਨੇ ਭਾਈਚਾਰੇ ’ਚ ਚਿੰਤਾ ਪੈਦਾ ਕਰ ਦਿਤੀ ਹੈ।