ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕਰਨ ਮਗਰੋਂ 6 ਮੁਲਜ਼ਮ ਅਧਿਕਾਰੀ ਮੁਅੱਤਲ : ਸੂਤਰ
ਇਸਲਾਮਾਬਾਦ : ਪਾਕਿਸਤਾਨੀ ਅਧਿਕਾਰੀਆਂ ਨੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਦੇ ਪ੍ਰਵਾਰ ਦੀ ਨਿੱਜੀ ਜਾਣਕਾਰੀ ਤੱਕ ਕਥਿਤ ਤੌਰ 'ਤੇ ਪਹੁੰਚ ਕਰਨ ਦੇ ਦੋਸ਼ ਵਿਚ ਛੇ ਅਧਿਕਾਰੀਆਂ ਵਿਰੁਧ ਅਪਰਾਧਕ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸ਼ਨੀਵਾਰ ਨੂੰ ਪ੍ਰਕਾਸ਼ਤ ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿਤੀ ਗਈ।
ਰਿਪੋਰਟਾਂ ਅਨੁਸਾਰ, ਰਾਸ਼ਟਰੀ ਡੇਟਾਬੇਲ ਅਤੇ ਰਜਿਸਟ੍ਰੇਸ਼ਨ ਅਥਾਰਟੀ (ਨਾਡਰਾ), ਨਾਗਰਿਕਾਂ ਦਾ ਡਾਟਾ ਇਕੱਠਾ ਕਰਨ ਅਤੇ ਰਾਸ਼ਟਰੀ ਪਛਾਣ ਪੱਤਰ ਅਤੇ ਪਾਸਪੋਰਟ ਜਾਰੀ ਕਰਨ ਦਾ ਕੰਮ ਕਰਨ ਵਾਲੀ ਸਿਖ਼ਰਲੀ ਰਾਸ਼ਟਰੀ ਸੰਸਥਾ (ਨਾਡਰਾ) ਨੇ ਜਾਂਚ ਤੋਂ ਬਾਅਦ ਅਪਣੇ ਕਰਮਚਾਰੀਆਂ ਵਿਰੁਧ ਕਾਰਵਾਈ ਕੀਤੀ।
ਮੀਡੀਆ ਰਿਪੋਰਟਾਂ ਅਨੁਸਾਰ ਫ਼ੌਜ ਮੁਖੀ ਦੇ ਪਰਿਵਾਰਕ ਮੈਂਬਰਾਂ ਦੀ ਗ਼ੈਰ-ਕਾਨੂੰਨੀ ਤੌਰ 'ਤੇ ਨਿੱਜੀ ਜਾਣਕਾਰੀ ਹਾਸਲ ਕਰਨ ਦੇ ਮਾਮਲੇ ਦੀ ਚਾਰ ਵੱਖ-ਵੱਖ ਟੀਮਾਂ ਵਲੋਂ ਜਾਂਚ ਕੀਤੀ ਗਈ, ਜਿਸ ਦੇ ਆਧਾਰ 'ਤੇ ਨਾਡਰਾ ਦੇ 6 ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ।
ਇਹ ਵੀ ਪੜ੍ਹੋ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦੌਰਾਨ ਬਿਜਲੀ ਹੋਈ ਗੁੱਲ
ਸੂਤਰ ਮੁਤਾਬਕ ਉਨ੍ਹਾਂ ਵਿਰੁਧ ਵੀ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਇਸ਼ਾਰੇ 'ਤੇ ਫ਼ੌਜ ਮੁਖੀ ਦੇ ਪ੍ਰਵਾਰਕ ਮੈਂਬਰਾਂ ਦੇ ਨਿੱਜੀ ਡਾਟਾ ਦੀ ਉਲੰਘਣਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਨਾਡਰਾ ਦੇ ਪ੍ਰਧਾਨ ਤਾਰਿਕ ਮਲਿਕ ਨੇ 23 ਦਸੰਬਰ, 2022 ਅਤੇ 2 ਮਾਰਚ, 2023 ਨੂੰ ਦੋਸ਼ੀ ਕਰਮਚਾਰੀਆਂ ਵਿਰੁਧ ਜਾਂਚ ਦੇ ਹੁਕਮ ਦਿਤੇ ਸਨ।
ਪਿਛਲੇ ਸਾਲ ਦਸੰਬਰ ਵਿਚ, ਨਾਡਰਾ ਅਤੇ ਇਕ ਸੁਰੱਖਿਆ ਏਜੰਸੀ ਦੁਆਰਾ ਕੀਤੀ ਗਈ ਇਕ ਸਾਂਝੀ ਜਾਂਚ ਵਿਚ ਖ਼ੁਲਾਸਾ ਹੋਇਆ ਸੀ ਕਿ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਨਾਲ ਸਬੰਧਤ ਇਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਇਕ ਜੂਨੀਅਰ ਕਾਰਜਕਾਰੀ ਫਾਰੂਕ ਅਹਿਮਦ, ਗ਼ੈਰ-ਕਾਨੂੰਨੀ ਢੰਗ ਨਾਲ ਸਬੰਧਤ ਡਾਟਾ ਤਕ ਪਹੁੰਚ ਕਰਨ ਵਾਲਾ ਪਹਿਲਾ ਵਿਅਕਤੀ ਸੀ।
ਮੌਜੂਦਾ ਚੇਅਰਮੈਨ ਦੀਆਂ ਹਦਾਇਤਾਂ 'ਤੇ ਉੱਚ ਪੱਧਰੀ ਜਾਂਚ ਕਮੇਟੀ ਨੇ ਲੌਗ-ਇਨ, ਯੂਜ਼ਰ ਆਈਡੀ, ਸਿਸਟਮ ਲੌਗ-ਇਨ ਅਤੇ ਆਈ.ਪੀ. ਐਡਰੈਸ ਦਾ ਤਕਨੀਕੀ ਵਿਸ਼ਲੇਸ਼ਣ ਕਰ ਕੇ ਕੁੱਲ 10 ਦੋਸ਼ੀ ਅਧਿਕਾਰੀਆਂ ਦੀ ਪਛਾਣ ਕੀਤੀ। ਤੱਥਾਂ ਦੀ ਪੜਤਾਲ ਉਪਰੰਤ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ।
ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿਚ 6 ਜਨਵਰੀ ਨੂੰ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਅਤੇ ਜਾਂਚ ਵਿਚ ਦੋਸ਼ੀ ਪਾਏ ਗਏ ਛੇ ਅਧਿਕਾਰੀਆਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿਤਾ ਗਿਆ ਸੀ।