ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ’ਚ ਰਾਸ਼ਟਰਪਤੀ ਕਰ ਰਹੇ ਸਨ ਸੰਬੋਧਨ
ਬਾਰੀਪਾੜਾ (ਉਡੀਸ਼ਾ) : ਬਾਰੀਪਾੜਾ ਵਿਚ ਮਹਾਰਾਜਾ ਸ਼੍ਰੀ ਰਾਮਚੰਦਰ ਭੰਜਦੇਵ ਯੂਨੀਵਰਸਿਟੀ ਦੇ 12ਵੇਂ ਡਿਗਰੀ ਵੰਡ ਸਮਾਗਮ ਵਿਚ ਸ਼ਨੀਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦੌਰਾਨ ਬਿਜਲੀ ਗੁੱਲ ਹੋ ਗਈ ਜਿਸ ਕਾਰਨ ਸਾਰੇ ਪਾਸੇ ਹਨੇਰਾ ਛਾਅ ਗਿਆ।
ਉੱਚ-ਸੁਰੱਖਿਆ ਵਾਲੇ ਇਸ ਸਮਾਗਮ ਵਿਚ ਸਵੇਰੇ 11.56 ਵਜੇ ਤੋਂ ਦੁਪਹਿਰ 12.05 ਵਜੇ ਤਕ ਇਹ ਵਿਘਨ ਪਿਆ। ਦੱਸ ਦੇਈਏ ਕਿ ਰਾਸ਼ਟਰਪਤੀ ਮੁਰਮੂ ਦਾ ਭਾਸ਼ਣ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਅਪਣਾ ਭਾਸ਼ਣ ਜਾਰੀ ਰਖਿਆ ਕਿਉਂਕਿ ਇਸ ਦੌਰਾਨ 'ਮਾਈਕ ਸਿਸਟਮ' ਪ੍ਰਭਾਵਿਤ ਨਹੀਂ ਹੋਇਆ। ਇਸ ਦੌਰਾਨ ਏਅਰ ਕੰਡੀਸ਼ਨਿੰਗ ਸਿਸਟਮ ਵੀ ਆਮ ਵਾਂਗ ਕੰਮ ਕਰਦਾ ਰਿਹਾ।
ਇਹ ਵੀ ਪੜ੍ਹੋ: ਬਿਆਸ ਦਰਿਆ 'ਤੇ ਹੋ ਰਹੀ ਸੀ ਨਾਜਾਇਜ਼ ਮਾਈਨਿੰਗ, ਜੇ.ਸੀ.ਬੀ. ਤੇ ਟ੍ਰੈਕਟਰ ਟਰਾਲੀ ਜ਼ਬਤ
ਰਾਸ਼ਟਰਪਤੀ ਮੁਰਮੂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਬਿਜਲੀ 'ਲੁਕਣ-ਮੀਚੀ ਖੇਡ ਰਹੀ ਹੈ'। ਇਸ ਦੌਰਾਨ ਵੱਡੀ ਗਿਣਤੀ ਵਿਚ ਦਰਸ਼ਕ ਉਨ੍ਹਾਂ ਨੂੰ ਸੁਣਨ ਲਈ ਧੀਰਜ ਨਾਲ ਬੈਠੇ ਰਹੇ। ਹਾਲਾਂਕਿ ਉਥੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ।
ਟਾਟਾ ਪਾਵਰ ਕੰਪਨੀ, ਉਤਰੀ ਉਡੀਸ਼ਾ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਸੀ.ਈ.ਓ. ਭਾਸਕਰ ਸਰਕਾਰ ਨੇ ਕਿਹਾ ਕਿ ਹਾਲ (ਪ੍ਰੋਗਰਾਮ ਸਥਾਨ) ਵਿਚ ਸਪਲਾਈ ’ਚ ਕੋਈ ਵਿਘਨ ਨਹੀਂ ਸੀ ਅਤੇ ਇਹ ਗੜਬੜ ਸ਼ਾਇਦ ਬਿਜਲੀ ਦੀਆਂ ਤਾਰਾਂ ਵਿਚ ਕਿਸੇ ਖ਼ਰਾਬੀ ਕਾਰਨ ਹੋਈ ਸੀ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸੰਤੋਸ਼ ਕੁਮਾਰ ਤ੍ਰਿਪਾਠੀ ਨੇ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਬਿਜਲੀ ਖ਼ਰਾਬ ਹੋਣ 'ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਮੁਆਫ਼ੀ ਮੰਗੀ।