
ਲਿਜ਼ ਟ੍ਰੱਸ ਦੇ ਜਿੱਤਣ ਨਾਲ ਭਾਰਤ-ਬਰਤਾਨੀਆ ਸੰਬੰਧਾਂ 'ਤੇ ਕੀ ਅਸਰ ਪਵੇਗਾ
ਬ੍ਰਿਟੇਨ ਦੀ ਨਵ-ਨਿਯੁਕਤ ਪ੍ਰਧਾਨ ਮੰਤਰੀ ਲਿਜ਼ ਟ੍ਰੱਸ ਛੇਤੀ ਹੀ ਅਧਿਕਾਰਤ ਤੌਰ 'ਤੇ ਸੱਤਾ ਦੀ ਵਾਗਡੋਰ ਸੰਭਾਲਣਗੇ। ਪ੍ਰਧਾਨ ਮੰਤਰੀ ਦੀ ਚੋਣ ਦੌੜ ਵਿੱਚ ਉਹਨਾਂ ਨੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਪਿੱਛੇ ਛੱਡਦੇ ਹੋਏ ਸੋਮਵਾਰ ਨੂੰ ਇਹ ਅਹੁਦਾ ਹਾਸਲ ਕੀਤਾ। ਉਹ ਬ੍ਰਿਟੇਨ ਦੀ 56ਵੀਂ ਅਤੇ ਦੇਸ਼ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਮਾਰਗਰੇਟ ਥੈਚਰ ਅਤੇ ਥੈਰੇਸਾ ਮੇਅ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਚੁੱਕੀਆਂ ਹਨ। ਇਹ ਦੋਵੇਂ ਮਹਿਲਾ ਪ੍ਰਧਾਨ ਮੰਤਰੀ ਵੀ ਕੰਜ਼ਰਵੇਟਿਵ ਪਾਰਟੀ ਦੀਆਂ ਹੀ ਸਨ।
ਟ੍ਰੱਸ ਦੱਖਣੀ ਪੱਛਮੀ ਨਾਰਫ਼ੋਕ ਤੋਂ ਸੰਸਦ ਮੈਂਬਰ ਹਨ। ਇਸ ਸੀਟ ਤੋਂ ਉਹ 2010 ਤੋਂ ਸੰਸਦ ਮੈਂਬਰ ਹਨ। ਉਹ ਇਸ ਤੋਂ ਪਹਿਲਾਂ ਉਹ ਬੋਰਿਸ ਜਾਨਸਨ ਅਧੀਨ ਬ੍ਰਿਟੇਨ ਦੀ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਟ੍ਰੱਸ ਨੇ ਮਹਿਲਾ ਅਤੇ ਸਮਾਨਤਾ ਮੰਤਰੀ ਵਜੋਂ ਵੀ ਕੰਮ ਕੀਤਾ ਹੈ। ਟ੍ਰੱਸ ਦੀ ਵੋਟ ਪ੍ਰਤੀਸ਼ਤਤਾ 82.6 ਪ੍ਰਤੀਸ਼ਤ ਹੈ। ਲੰਘੀ ਚੋਣ ਵਿੱਚ ਉਹਨਾਂ 81,326 ਵੋਟਾਂ ਹਾਸਲ ਕੀਤੀਆਂ, ਜਦਕਿ ਰਿਸ਼ੀ ਸੁਨਕ 60,399 ਵੋਟਾਂ ਹੀ ਲੈ ਸਕੇ।
ਲਿਜ਼ ਦਾ ਜਨਮ 1975 ਵਿੱਚ ਆਕਸਫੋਰਡ, ਯੂ.ਕੇ. ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਗਣਿਤ ਦੇ ਪ੍ਰੋਫ਼ੈਸਰ ਸਨ ਜਦੋਂ ਕਿ ਮਾਂ ਨਰਸ ਸੀ। ਲਿਜ਼ ਦਾ ਪਰਿਵਾਰ ਕਦੇ ਵੀ ਸਰਗਰਮ ਰਾਜਨੀਤੀ ਵਿੱਚ ਨਹੀਂ ਰਿਹਾ, ਪਰ ਜਦੋਂ ਮਾਰਗਰੇਟ ਥੈਚਰ ਪ੍ਰਧਾਨ ਮੰਤਰੀ ਸੀ, ਉਹ ਪ੍ਰਮਾਣੂ ਨਿਸ਼ਸਤਰੀਕਰਨ ਲਈ ਰੈਲੀਆਂ ਵਿੱਚ ਸ਼ਾਮਲ ਹੋਇਆ ਕਰਦੇ ਸੀ।
ਇੱਕ ਵਾਰ ਲਿਜ਼ ਨੇ ਸਕੂਲ ਦੇ ਨਾਟਕ ਵਿੱਚ ਮਾਰਗਰੇਟ ਥੈਚਰ ਦੀ ਭੂਮਿਕਾ ਨਿਭਾਈ ਸੀ। ਉਹਨਾਂ ਆਪਣੀ ਸਕੂਲੀ ਪੜ੍ਹਾਈ ਗਲਾਸਗੋ ਅਤੇ ਲੀਡਜ਼ ਵਿੱਚ ਕੀਤੀ। ਉਸ ਤੋਂ ਬਾਅਦ ਲਿਜ਼ ਆਕਸਫ਼ੋਰਡ ਯੂਨੀਵਰਸਿਟੀ ਗਈ, ਜਿੱਥੇ ਉਸਨੇ ਫ਼ਿਲਾਸਫ਼ੀ, ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਵਿਦਿਆਰਥੀ ਰਾਜਨੀਤੀ ਵਿੱਚ ਉਹਨਾਂ ਹਮੇਸ਼ਾ ਬਹੁਤ ਸਰਗਰਮੀ ਨਾਲ ਹਿੱਸਾ ਲਿਆ।
ਪਤੀ ਅਤੇ ਧੀਆਂ
ਲਿਜ਼ ਨੇ ਸਾਲ 2000 ਵਿੱਚ ਹਿਊਗ ਓਲਰੀ ਨਾਲ ਵਿਆਹ ਕੀਤਾ, ਜੋ ਪੇਸ਼ੇ ਤੋਂ ਇੱਕ ਐਕਾਊਂਟੈਂਟ ਸੀ। ਲਿਜ਼ ਦਾ ਕਹਿਣਾ ਹੈ ਕਿ ਉਸ ਦਾ ਪਤੀ ਬਹੁਤ ਸਹਿਣਸ਼ੀਲ ਵਿਅਕਤੀ ਹੈ। ਪਰ ਉਹ ਸਥਾਨਕ ਕੰਜ਼ਰਵੇਟਿਵ ਪਾਰਟੀ ਦੀ ਇਕਾਈ ਦਾ ਬਹੁਤ ਸਰਗਰਮ ਮੈਂਬਰ ਸੀ। ਉਨ੍ਹਾਂ ਦੀਆਂ ਦੋ ਬੇਟੀਆਂ, ਫ਼ਰਾਂਸਿਸ (16) ਅਤੇ ਲਿਬਰਟੀ (13) ਹਨ। ਉਸ ਦੀਆਂ ਦੋਵੇਂ ਧੀਆਂ ਉਸ ਦੀ ਪ੍ਰਧਾਨ ਮੰਤਰੀ ਚੋਣ ਪ੍ਰਚਾਰ ਮੁਹਿੰਮ ਦਾ ਹਿੱਸਾ ਰਹੀਆਂ।
ਸਿਆਸੀ ਕਰੀਅਰ
ਸਿਆਸੀ ਖੇਤਰ ਨਾਲ ਲਿਜ਼ ਦਾ ਮੋਹ ਆਕਸਫ਼ੋਰਡ ਯੂਨੀਵਰਸਿਟੀ ਦੇ ਸਮੇਂ ਤੋਂ ਹੀ ਨਜ਼ਰ ਆਉਣ ਲੱਗ ਪਿਆ ਸੀ। ਸ਼ੁਰੂ ਵਿੱਚ ਉਹ ਲਿਬਰਲ ਡੈਮੋਕਰੇਟ ਪਾਰਟੀ ਨਾਲ ਜੁੜੀ ਹੋਈ ਸੀ, ਪਰ ਆਕਸਫ਼ੋਰਡ ਵਿੱਚ ਪੜ੍ਹਾਈ ਦੌਰਾਨ ਉਸ ਨੇ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਲਿਜ਼ ਨੇ 2001 ਵਿੱਚ ਹੇਮਸਵਰਥ ਅਤੇ 2015 ਵਿੱਚ ਕੇਡਰ ਵੈਲੀ ਤੋਂ ਚੋਣ ਲੜੀ, ਪਰ ਹਾਰ ਗਈ।
ਲਿਜ਼ ਨੇ ਪਹਿਲੀ ਜਿੱਤ ਨੇ 2006 ਵਿੱਚ ਗ੍ਰੀਨਵਿਚ ਤੋਂ ਹਾਸਲ ਕੀਤੀ, ਅਤੇ ਕੌਂਸਲਰ ਚੁਣੀ ਗਈ। 2010 ਵਿੱਚ, ਕੰਜ਼ਰਵੇਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਉਸ ਨੂੰ ਆਪਣੇ ਮੁੱਢਲੇ ਉਮੀਦਵਾਰਾਂ ਦੀ ਏ-ਸੂਚੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ। 2012 ਵਿੱਚ ਲਿਜ਼ ਨੇ ਸਿੱਖਿਆ ਮੰਤਰੀ ਅਤੇ 2014 ਵਿੱਚ ਵਾਤਾਵਰਣ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ।
ਭਾਰਤ ਬਾਰੇ ਲਿਜ਼ ਟ੍ਰੱਸ ਦੀ ਰਾਏ
ਲਿਜ਼ ਟ੍ਰੱਸ ਨੂੰ ਭਾਰਤ-ਬ੍ਰਿਟੇਨ ਰਣਨੀਤਕ ਅਤੇ ਆਰਥਿਕ ਸੰਬੰਧਾਂ ਦਾ ਪੈਰੋਕਾਰ ਮੰਨਿਆ ਜਾਂਦਾ ਹੈ। 47 ਸਾਲਾ ਲਿਜ਼ ਬੋਰਿਸ ਜਾਨਸਨ ਦੀ ਕੈਬਿਨੇਟ ਵਿੱਚ ਵਿਦੇਸ਼ ਮੰਤਰੀ ਸੀ, ਅਤੇ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। 2022 ਦੇ ਸ਼ੁਰੂ ਵਿੱਚ ਲਿਜ਼ ਨੇ ਭਾਰਤ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਭਾਰਤ ਨੂੰ ਸ਼ਾਨਦਾਰ ਮੌਕਿਆਂ ਵਾਲਾ ਦੇਸ਼ ਦੱਸਿਆ।
ਬੋਰਿਸ ਜਾਨਸਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਲਿਜ਼ ਟ੍ਰੱਸ ਨੇ ਭਾਰਤ-ਯੂਕੇ ਐਨਹੈਂਸਡ ਟਰੇਡ ਪਾਰਟਨਰਸ਼ਿਪ (ਈ.ਟੀ.ਪੀ.) ਉੱਤੇ ਹਸਤਾਖਰ ਕੀਤੇ ਸਨ। ਇਸ ਸਮਝੌਤੇ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਦਾ ਰਾਹ ਖੁੱਲ੍ਹਿਆ ਸੀ।