
ਟਰੰਪ ਦੀ ਹਾਰ ਦਾ ਭਾਰਤ ਦੀ ਸਿਆਸਤ 'ਤੇ ਪਵੇਗਾ ਸਿੱਧਾ ਅਸਰ
ਚੰਡੀਗੜ੍ਹ : ਦੁਨੀਆਂ ਦੀਆਂ ਨਜ਼ਰਾਂ ਇਸ ਵੇਲੇ ਵਿਸ਼ਵ ਸ਼ਕਤੀ ਅਮਰੀਕਾ ਦੇ ਚੋਣ ਨਤੀਜਿਆਂ 'ਤੇ ਟਿੱਕੀਆਂ ਹੋਈਆਂ ਹਨ। ਖ਼ਾਸ ਕਰ ਕੇ ਭਾਰਤ ਅੰਦਰ ਇਸ ਨੂੰ ਲੈ ਕੇ ਵਿਸ਼ੇਸ਼ ਤਰ੍ਹਾਂ ਦੀ ਉਤਸੁਕਤਾ ਪਾਈ ਜਾ ਰਹੀ ਹੈ। ਹੁਣ ਤਕ ਦੇ ਰੁਝਾਨਾਂ 'ਚ ਜੋਅ ਬਾਇਡੇਨ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਰੁਝਾਨਾਂ ਮੁਤਾਬਕ ਬਾਇਡੇਨ ਦੇ ਖਾਤੇ 'ਚ 264 ਇਲੈਕਟੋਰਲ ਵੋਟ ਆ ਚੁੱਕੇ ਹਨ। ਵਾਇਟ ਹਾਊਸ ਤਕ ਪਹੁੰਚਣ ਲਈ ਉਨ੍ਹਾਂ ਨੂੰ ਸਿਰਫ਼ ਛੇ ਵੋਟਾਂ ਦੀ ਜ਼ਰੂਰਤ ਹੈ, ਕਿਉਂਕਿ ਜਿੱਤ ਲਈ 270 ਦਾ ਅੰਕੜਾ ਚਾਹੀਦਾ ਹੈ। ਜਦਕਿ ਟਰੰਪ ਨੂੰ ਸਿਰਫ਼ 214 ਇਲੈਕਟ੍ਰੋਲ ਵੋਟ ਮਿਲੇ ਹਨ। ਇਸ ਹਿਸਾਬ ਨਾਲ ਉਹ ਵ੍ਹਾਈਟ ਹਾਊਸ ਦੀ ਦੌੜ 'ਚ ਪੱਛੜ ਗਏ ਹਨ।
trump and biden
ਦੂਜੇ ਪਾਸੇ ਜੋਅ ਬਾਇਡੇਨ ਰਾਸ਼ਟਰਪਤੀ ਬਣ ਜਾਣ ਦੀ ਸੂਰਤ 'ਚ ਇਸ ਦੇ ਭਾਰਤ 'ਤੇ ਅਸਰ ਬਾਰੇ ਚਰਚਾ ਛਿੜ ਗਈ ਹੈ। ਡੈਮੋਕ੍ਰੈਟਿਕ ਨੀਤੀਆਂ ਮੁਤਾਬਕ ਜੋਅ ਬਾਇਡੇਨ ਦਾ ਪਾਕਿਸਤਾਨ ਪ੍ਰਤੀ ਰਵੱਈਆ ਸਖ਼ਤ ਨਹੀਂ ਹੈ। ਉਝ ਇਸ ਤੋਂ ਪਹਿਲਾਂ ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਹੀ ਬਰਾਕ ਓਬਾਮਾ ਅਮਰੀਕੀ ਰਾਸ਼ਟਰਪਤੀ ਸਨ, ਤਦ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਕਾਫ਼ੀ ਚੰਗੀ ਦੋਸਤੀ ਸੀ ਪਰ 8 ਸਾਲ ਅਮਰੀਕਾ ਰਾਸ਼ਟਰਪਤੀ ਰਹਿਣ ਦੇ ਬਾਵਜੂਦ ਓਬਾਮਾ ਨੇ ਪਾਕਿਸਤਾਨ ਉੱਤੇ ਆਰਥਿਕ ਪਾਬੰਦੀਆਂ ਦਾ ਸ਼ਿਕੰਜਾ ਨਹੀਂ ਕਸਿਆ ਭਾਵੇਂ ਪਾਕਿਸਤਾਨ ਵਿਚ ਘੁਸ ਕੇ ਓਸਾਮਾ ਬਿਨ ਲਾਦੇਨ ਨੂੰ ਮਾਰਨ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਹੀ ਬੱਝਾ ਸੀ। ਦੂਜੇ ਪਾਸੇ ਜੋਅ ਬਾਇਡੇਨ ਦਾ ਚੀਨ ਬਾਰੇ ਟਰੰਪ ਵਾਲਾ ਹੀ ਮੰਨਿਆ ਜਾਂਦਾ ਹੈ।
Donald Trump
ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਜੋਅ ਬਾਇਡੇਨ ਦੀ ਜਿੱਤ ਦਾ ਅਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ 'ਤੇ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦਾ ਅਧਾਰ ਜੋਅ ਬਾਇਡੇਨ ਦੇ ਉਨ੍ਹਾਂ ਬਿਆਨਾਂ ਨੂੰ ਮੰਨਿਆ ਜਾ ਰਿਹਾ ਹੈ ਜਿਸ 'ਚ ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਕਿੰਤੂ ਪ੍ਰੰਤੂ ਕੀਤਾ ਸੀ। ਜੋਅ ਬਾਇਡੇਨ ਸੀ.ਏ.ਏ. ਸਮੇਤ ਐਨ.ਆਰ.ਸੀ. ਵਰਗੇ ਕਦਮਾਂ ਨੂੰ ਭੰਡ ਚੁੱਕੇ ਹਨ। ਮੋਦੀ ਸਰਕਾਰ ਵਲੋਂ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਦੇ ਮੁੱਦੇ 'ਤੇ ਵੀ ਜੋਅ ਬਾਇਡੇਨ ਦਾ ਰਵੱਈਆ ਚੰਗਾ ਨਹੀਂ ਮੰਨਿਆ ਜਾਂਦਾ। ਉਨ੍ਹਾਂ ਨੇ ਭਾਰਤ ਦੇ ਇਸ ਕਦਮ 'ਤੇ ਵੀ ਸਵਾਲ ਉਠਾਏ ਸਨ।
Joe Biden
ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੇ ਯਾਰ ਕਹੇ ਜਾਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਟਰੰਪ ਵਲੋਂ ਮਿਸ਼ੀਗਨ ਤੇ ਜਾਰਜੀਆ 'ਚ ਦਾਇਰ ਕੀਤੇ ਗਏ ਕੇਸ ਰੱਦ ਕਰ ਦਿਤੇ ਗਏ ਹਨ। ਰਾਸ਼ਟਰਪਤੀ ਟਰੰਪ ਨੇ ਮਿਸ਼ੀਗਨ ਤੇ ਜਾਰਜੀਆ ਦੋਵੇਂ ਰਾਜਾਂ ਵਿਚ ਡਾਕ ਰਾਹੀਂ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਰੋਕਣ ਦੀ ਮੰਗ ਕੀਤੀ ਸੀ, ਜਿਸ ਨੂੰ ਮਿਸ਼ੀਗਨ ਤੇ ਜਾਰਜੀਆ ਦੀ ਅਦਾਲਤ ਨੇ ਨਹੀਂ ਮੰਨਿਆ ਤੇ ਉਨ੍ਹਾਂ ਦਾ ਕੇਸ ਮੁੱਢੋਂ ਰੱਦ ਕਰ ਦਿਤਾ।
Donald Trump and Narendra Modi
ਕਾਬਲੇਗੌਰ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਨੀਤਕ ਸ਼ੈਲੀ ਦੇ ਵੱਡੇ ਪ੍ਰਸੰਸਕ ਮੰਨੇ ਜਾਂਦੇ ਹਨ। ਅਬ ਕੀ ਵਾਰ ਮੋਦੀ ਸਰਕਾਰ ਦੀ ਤਰਜ 'ਤੇ ਹੀ ਉਨ੍ਹਾਂ ਨੇ ਅਬ ਕੀ ਵਾਰ ਟਰੰਪ ਸਰਕਾਰ ਜਿਹੇ ਫ਼ਿਕਰੇ ਬੋਲਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੇ ਮੰਨੇ ਜਾਂਦੇ ਹਨ। ਵਿਰੋਧੀਆਂ ਨੂੰ ਸ਼ਬਦੀ-ਵਾਰ ਨਾਲ ਚਿੱਤ ਕਰਨ ਦੀ ਸ਼ੈਲੀ ਵੀ ਦੋਵਾਂ ਆਗੂਆਂ ਨੂੰ ਇਕ ਮਾਲਾ 'ਚ ਪਰੋਣ ਦਾ ਕੰਮ ਕਰਦੀ ਰਹੀ ਹੈ।
Donald Trump and Narendra Modi
ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਪਣੀ ਅਮਰੀਕਾ ਫੇਰੀ ਦੌਰਾਨ ਡੋਨਾਲਡ ਟਰੰਪ ਲਈ ਭਾਰਤੀ ਭਾਈਚਾਰੇ ਤੋਂ ਵੋਟਾਂ ਵੀ ਮੰਗੀਆਂ ਸਨ। ਉਸ ਵੇਲੇ ਪ੍ਰਧਾਨ ਮੰਤਰੀ ਦੇ ਸਵਾਗਤ 'ਚ ਭਾਰਤੀਆਂ ਦੇ ਵੱਡੇ ਇਕੱਠ ਨੂੰ ਟਰੰਪ ਦੇ ਅਗਲੇਰੇ ਸਿਆਸੀ ਭਵਿੱਖ ਲਈ ਸ਼ੁਭ ਸ਼ਗਨ ਮੰਨਿਆ ਗਿਆ ਸੀ। ਟਰੰਪ ਦੇ ਹਾਰ ਜਾਣ ਦੀ ਸੂਰਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵ ਪੱਧਰੀ ਆਗੂ ਵਾਲੀ ਈਮੇਜ 'ਤੇ ਵੀ ਪਵੇਗਾ। ਟਰੰਪ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਰਾਜਨੀਤਕ ਕੈਰੀਅਰ ਦੇ ਢਲਦੀ ਕਲਾ 'ਚ ਜਾਣ ਸਬੰਧੀ ਕਿਆਸ-ਅਰਾਈਆਂ ਵੀ ਲੱਗਣ ਲੱਗੀਆਂ ਹਨ। ਖੇਤੀ ਕਾਨੂੰਨਾਂ ਖਿਲਾਫ਼ ਮੰਚ ਸੰਭਾਲੀ ਬੈਠੇ ਬੁੱਧੀਜੀਵੀ ਅਮਰੀਕਾ ਦੀਆਂ ਚੋਣਾਂ 'ਚ ਟਰੰਪ ਦੀ ਹਾਰ ਨੂੰ ਪ੍ਰਧਾਨ ਮੰਤਰੀ ਮੋਦੀ ਕਾਲ ਦੀ ਪੁਠੀ ਗਿਣਤੀ ਨਾਲ ਜੋੜ ਕੇ ਵੇਖ ਰਹੇ ਹਨ।