
ਪਿਛਲੇ ਹਫ਼ਤੇ ਡਿਊਟੀ ਦੌਰਾਨ ਇਕ ਗੈਰਕਾਨੂੰਨੀ ਪ੍ਰਵਾਸੀ ਦੇ ਗੋਲੀ ਮਾਰਨ 'ਤੇ ਜਾਨ ਗਵਾਉਣ ਵਾਲੇ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਦੀ, ਸਨਿਚਰਵਾਰ ਨੂੰ ਉਨ੍ਹਾਂ ਦੇ....
ਸਾਨ ਫ੍ਰਾਂਸਿਸਕੋ,7 ਜਨਵਰੀ : ਪਿਛਲੇ ਹਫ਼ਤੇ ਡਿਊਟੀ ਦੌਰਾਨ ਇਕ ਗੈਰਕਾਨੂੰਨੀ ਪ੍ਰਵਾਸੀ ਦੇ ਗੋਲੀ ਮਾਰਨ 'ਤੇ ਜਾਨ ਗਵਾਉਣ ਵਾਲੇ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਦੀ, ਸਨਿਚਰਵਾਰ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਸਲਾਂਘਾ ਕਰਦੇ ਹੋਏ ਉਨ੍ਹਾਂ ਨੂੰ ਫ਼ਿਜੀ ਵਿਚ ਜਨਮਿਆ ਅਮਰੀਕੀ ਹੀਰੋ ਦਸਿਆ ਗਿਆ। 33 ਸਾਲਾ ਰੋਨਿਲ ਸਿੰਘ ਦਾ ਅੰਤਿਮ ਸੰਸਕਾਰ ਕੈਲੀਫੋਰਨੀਆ ਦੇ ਨਿਊਮੈਨ ਵਿਚ ਕੀਤਾ ਗਿਆ। ਸਿੰਘ ਲਈ ਮੋਡੇਸਟੋ ਗਿਰਜਾਘਰ ਵਿਚ ਆਯੋਜਿਤ ਪ੍ਰਾਰਥਨਾ ਸਭਾ ਵਿਚ ਮੋਡੇਸਟੋ ਦੇ ਪੁਲਿਸ ਅਧਿਕਾਰੀ ਜੇਫ਼ ਹਾਰਮਨ ਨੇ ਕਿਹਾ
ਕਿ ਉਹ ਉਸ ਦੇ ਲਈ ਮਜ਼ਬੂਤੀ ਨਾਲ ਖੜੇ ਰਹੇ, ਜੋ ਸਾਡੀ ਦੁਨੀਆ ਵਿਚ ਸਹੀ ਹੈ ਪਰ ਫਿਰ ਵੀ ਬਦਕਿਸਮਤੀ ਨਾਲ ਇਸ ਦੁਨੀਆ ਵਿਚ ਜੋ ਗ਼ਲਤ ਹੈ, ਉਸ ਦੇ ਕਾਰਨ ਉਹ ਬੇਹਦ ਛੇਤੀ ਸਾਨੂੰ ਛੱਡ ਕੇ ਚਲੇ ਗਏ। ਅਮਰੀਕਾ ਵਿਚ ਫ਼ਿਜੀ ਦੇ ਰਾਜਦੂਤ ਨਾਇਕਰੂਬਲਾਵੂ ਸੋਲੋ ਮਾਰਾ ਨੇ ਸਿੰਘ ਨੂੰ ਫ਼ਿਜੀ ਵਿਚ ਜਨਮਿਆ ਅਮਰੀਕੀ ਹੀਰੋ ਦਸਿਆ। ਨਿਊਮੈਨ ਪੁਲਿਸ ਵਿਭਾਗ ਦੇ ਅਧਿਕਾਰੀ ਰੋਨਿਲ ਸਿੰਘ ਨੂੰ 26 ਦਸੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਇਕ ਵਜੇ ਇਕ ਗੈਰਕਾਨੂੰਨੀ ਪ੍ਰਵਾਸੀ ਗੁਸਤਾਵ ਪੇਰੇਜ ਨੇ ਗੋਲੀ ਮਾਰ ਦਿਤੀ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਸਿੰਘ ਜੁਲਾਈ 2011 ਵਿਚ ਪੁਲਿਸ ਵਿਭਾਗ ਵਿਚ ਸ਼ਾਮਲ ਹੋਏ ਸਨ। ਅਪਣੀ ਰਾਤ ਦੀ ਡਿਊਟੀ ਸ਼ੁਰੂ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ ਸਿੰਘ ਨੇ ਅਪਣੇ ਪੰਜ ਮਹੀਨੇ ਦੇ ਪੁੱਤਰ ਅਤੇ ਪਤਨੀ ਨਾਲ ਕ੍ਰਿਸਮਸ ਦਾ ਜਸ਼ਨ ਮਨਾਇਆ ਸੀ। ਅੰਤਿਮ ਸੰਸਕਾਰ ਦੌਰਾਨ ਰੋਨਿਲ ਸਿੰਘ ਦੇ ਭਰਾ ਅਤੇ ਸਹਿਯੋਗੀਆਂ ਨੇ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਉਨ੍ਹਾਂ ਦੇ ਚੰਗੇ ਵਰਤਾਓ ਦਾ ਜ਼ਿਕਰ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਿੰਘ ਦੀ ਪਤਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਸੀ। ਸਿੰਘ ਦੇ ਸਨਮਾਨ ਵਿਚ ਕੈਲੀਫੋਰਨੀਆ ਸੂਬੇ ਦਾ ਝੰਡਾ ਵੀ ਅੱਧਾ ਝੁਕਾ ਦਿਤਾ ਗਿਆ। (ਪੀਟੀਆਈ)