
ਸਿੱਖ ਸੰਸਥਾਵਾਂ ਨੇ ਜਿੱਤਿਆ ਆਸਟ੍ਰੇਲੀਅਨ ਲੋਕਾਂ ਦਾ ਦਿਲ
ਆਸਟ੍ਰੇਲੀਆ (ਪਰਮਵੀਰ ਸਿੰਘ ਆਹਲੂਵਾਲੀਆ): ਭਿਆਨਕ ਗਰਮੀ ਦੇ ਕਾਰਨ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੇ ਆਸਟ੍ਰੇਲੀਆ ਦੇ ਵੱਡੇ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਭਿਆਨਕ ਅੱਗ ਵਿਚ ਜਿੱਥੇ 50 ਕਰੋੜ ਜੰਗਲੀ ਜੀਵਾਂ ਦੀ ਮੌਤ ਹੋ ਗਈ ਹੈ। ਉਥੇ ਹੀ 2 ਹਜ਼ਾਰ ਦੇ ਕਰੀਬ ਘਰ ਵਿਚ ਇਸ ਅੱਗ ਦੀ ਭੇਂਟ ਚੜ੍ਹ ਚੁੱਕੇ ਹਨ ਜਦਕਿ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਆਸਟ੍ਰੇਲੀਆ ਦੀ ਇਸ ਔਖੀ ਘੜੀ ਵਿਚ ਸਿੱਖ ਸੰਸਥਾਵਾਂ ਹੀ ਹਨ, ਜਿਨ੍ਹਾਂ ਨੇ ਬਿਨਾਂ 'ਸਰਬੱਤ ਦਾ ਭਲਾ' ਦੇ ਸੰਦੇਸ਼ 'ਤੇ ਚਲਦਿਆਂ ਅੱਗ ਪੀੜਤ ਲੋਕਾਂ ਦੀ ਬਾਂਹ ਫੜੀ ਹੈ।
Photo
ਭਾਵੇਂ ਕਿ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਵੀ ਅੱਗ ਪੀੜਤ ਲੋਕਾਂ ਦੀ ਮਦਦ ਲਈ ਕਾਫ਼ੀ ਕੁੱਝ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨ ਨਾਕਾਫ਼ੀ ਹਨ। ਇਸ ਲਈ ਸਿੱਖ ਸੰਸਥਾਵਾਂ ਅੱਗੇ ਹੋ ਕੇ ਲੋਕਾਂ ਦੀ ਮਦਦ ਲਈ ਆ ਰਹੀਆਂ ਹਨ ਜੋ ਅੱਗ ਤੋਂ ਪੀੜਤ ਲੋਕਾਂ ਨੂੰ ਖਾਣਾ, ਪੀਣ ਦਾ ਪਾਣੀ, ਕੱਪੜੇ ਅਤੇ ਪਸ਼ੂਆਂ ਲਈ ਚਾਰਾ ਵਗੈਰਾ ਮੁਹੱਈਆ ਕਰਵਾ ਰਹੀਆਂ ਹਨ। ਸਿੱਖ ਸੰਸਥਾਵਾਂ ਵੱਲੋਂ ਆਸਟ੍ਰੇਲੀਆ ਦੇ ਅੱਗ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਦੀਆਂ ਪੂਰੀ ਦੁਨੀਆ ਵਿਚ ਤਾਰੀਫ਼ਾਂ ਹੋ ਰਹੀਆਂ ਹਨ।
Photo
ਇਸ ਦੌਰਾਨ ਆਸਟ੍ਰੇਲੀਆ ਦੇ ਪੀੜਤਾਂ ਦੀ ਮਦਦ ਲਈ ਜੋ ਸਿੱਖ ਸੰਸਥਾਵਾਂ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਵਿਚ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਖ਼ਾਲਸਾ ਏਡ, ਯੂਨਾਇਟਡ ਸਿੱਖਸ ਤੋਂ ਇਲਾਵਾ ਟਰਬਨ ਫਾਰ ਆਸਟ੍ਰੇਲੀਆ, ਦਲ ਬਾਬਾ ਬਿਧੀ ਚੰਦ ਖ਼ਾਲਸਾ ਛਾਉਣੀ ਪਲੰਮਟਨ, ਸਿੱਖ ਵਾਲੰਟੀਅਰ ਆਸਟ੍ਰੇਲੀਆ, ਆਸਟ੍ਰੇਲੀਅਨ ਸਿੱਖ ਸੁਪੋਟਸ ਸਮੇਤ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਭਿਆਨਕ ਅੱਗ ਅਤੇ ਧੂੰਏਂ ਦੇ ਚਲਦਿਆਂ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮੁਸੀਬਤ ਦੇ ਮਾਰੇ ਲੋਕਾਂ ਦੀ ਅੱਗੇ ਹੋ ਕੇ ਮਦਦ ਕਰ ਰਹੀਆਂ ਹਨ।
Photo
ਅਜੋਕੇ ਸਮੇਂ ਦੌਰਾਨ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਹੁਣ ਤੱਕ ਦੇ ਇਤਿਹਾਸ ਵਿਚ ਅੱਗ ਨਾਲ ਹੋਏ ਨੁਕਸਾਨ ਦੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿਚੋਂ ਇੱਕ ਹੈ ਜਿਸ ਦੇ ਹੋਏ ਨੁਕਸਾਨ ਦੀ ਪੂਰਤੀ ਤਾਂ ਭਾਵੇਂ ਨਹੀਂ ਕੀਤੀ ਜਾ ਸਕਦੀ ਪਰ ਮੁਸੀਬਤ ਦੇ ਮਾਰੇ ਲੋਕਾਂ ਦੀ ਮਦਦ ਜ਼ਰੂਰ ਕੀਤੀ ਜਾ ਸਕਦੀ ਐ ਜੋ ਸਿੱਖ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਐ।
Photo
ਬਹੁਤ ਸਾਰੀਆਂ ਥਾਵਾਂ ਤਾਂ ਅਜਿਹੀਆਂ ਨੇ ਜਿੱਥੇ ਸਰਕਾਰ ਦੀ ਮਦਦ ਨਹੀਂ ਪਹੁੰਚੀ ਪਰ ਗੁਰੂ ਦੇ ਖ਼ਾਲਸਿਆਂ ਨੇ ਉਥੇ ਵੀ ਪੀੜਤ ਲੋਕਾਂ ਨੂੰ ਮਦਦ ਪਹੁੰਚਾ ਦਿੱਤੀ। ਫਿਲਹਾਲ ਮੁਸੀਬਤ ਦੀ ਇਸ ਘੜੀ ਵਿਚ ਸਿੱਖ ਸੰਸਥਾਵਾਂ ਆਸਟ੍ਰੇਲੀਆ ਦੇ ਲੋਕਾਂ ਲਈ ਮਸੀਹਾ ਸਾਬਤ ਹੋ ਰਹੀਆਂ ਨੇ ਅਤੇ ਉਹ ਸਿੱਖਾਂ ਦਾ ਧੰਨਵਾਦ ਕਰਦੇ ਨਹੀਂ ਥੱਕਦੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।