
ਕੋਰੋਨਾ ਦੇ ਕਹਿਰ ਦਾ ਸ਼ਿਕਾਰ ਹੋ ਰਹੇ ਅਮਰੀਕਾ ਨੇ ਮੁਸ਼ਕਿਲ ਸਮੇਂ ਵਿਚ ਭਾਰਤ ਤੋਂ ਮਦਦ ਮੰਗੀ ਹੈ।
ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਬੀਤੇ ਦਿਨੀਂ ਫੋਨ ‘ਤੇ ਗੱਲਬਾਤ ਕੀਤੀ ਅਤੇ ਕੋਰੋਨਾ ਵਾਇਰਸ ‘ਤੇ ਚਰਚਾ ਕੀਤੀ। ਇਸ ਦੌਰਾਨ ਉਹਨਾਂ ਨੇ ਇਕ ਦਵਾਈ ਦੀ ਸਪਲਾਈ ਫਿਰ ਤੋਂ ਸ਼ੁਰੂ ਕਰਨ ਲਈ ਕਿਹਾ ਸੀ ਪਰ ਹੁਣ ਦੋ ਦਿਨ ਬਾਅਦ ਟਰੰਪ ਨੇ ਕਿਹਾ ਕਿ ਜੇਕਰ ਭਾਰਤ ਇਹ ਮਦਦ ਨਹੀਂ ਕਰਦਾ ਤਾਂ ਉਹ ਕਰਾਰਾ ਜਵਾਬ ਦੇਣਗੇ।
ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਡੋਨਾਲਡ ਟਰੰਪ ਨੇ ਕਿਹਾ, ‘ਐਤਵਾਰ ਸਵੇਰੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਹਾਈਡ੍ਰੋਕਸਾਈਕਲੋਰੋਕਿਨ ਦੀ ਸਪਲਾਈ ਨੂੰ ਸ਼ੁਰੂ ਕਰਦੇ ਹੋ ਤਾਂ ਬਹੁਤ ਚੰਗਾ ਹੋਵੇਗਾ। ਪਰ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜਦੋਂ ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਤਾਂ ਟਰੰਪ ਨੇ ਕੋਰੋਨਾ ਵਿਰੁੱਧ ਲੜਾਈ ਵਿਚ ਭਾਰਤ ਦੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਵ੍ਹਾਈਟ ਹਾਊਸ ਵਿਚ ਬਿਆਨ ਦਿੱਤਾ ਕਿ ਜੇ ਭਾਰਤ ਦਵਾਈਆਂ ਦੀ ਸਪਲਾਈ ਕਰਦਾ ਹੈ ਤਾਂ ਬਹੁਤ ਵਧੀਆ ਹੋਵੇਗਾ, ਅਸੀਂ ਉਹਨਾਂ ਦਾ ਧੰਨਵਦਾ ਕਰਦੇ ਹਾਂ।
ਇਸ ਤੋਂ ਬਾਅਦ ਭਾਰਤ ਨੇ ਅਮਰੀਕਾ ਨੂੰ ਸਪੱਸ਼ਟ ਤੌਰ ‘ਤੇ ਦੱਸਿਆ ਸੀ ਕਿ ਅਸੀਂ ਅਪਣੀ 1.30 ਅਰਬ ਅਬਾਦੀ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਸੁਰੱਖਿਅਤ ਕਰਨ ਤੋਂ ਬਾਅਦ ਹੀ ਕੋਰੋਨਾ ਵਾਇਰਸ ਦੇ ਮਰੀਜਾਂ ਅਤੇ ਸਿਹਤ ਕਰਮਚਾਰੀਆਂ ਲਈ ਹਾਈਡਰੋਕਸਾਈਕਲੋਰੋਕਿਨ ਟੈਬਲੇਟਸ ਦੀ ਪੂਰਤੀ ਕਰਾਂਗੇ।
ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਕਹਿਲ ਲਗਾਤਾਰ ਜਾਰੀ ਹੈ ਦੁਨੀਆ ਭਰ ਵਿਚ ਕੋਰੋਨਾ ਨੇ ਹੁਣ ਤੱਕ 73 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਉੱਥੇ ਹੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 13 ਲੱਖ 28 ਹਜ਼ਾਰ 400 ਤੋਂ ਪਾਰ ਪਹੁੰਚ ਗਈ ਹੈ।