
ਫ਼ਰਾਂਸੀਸੀ 'ਸਪਾਈਡਰ ਮੈਨ' ਐਲੇਨ ਰਾਬਰਟ (55) ਦਾ ਦੱਖਣ ਕੋਰੀਆ ਦੀ ਰਾਜਧਾਨੀ ਸੋਲ ਵਿਖੇ ਸਥਿਤ 123 ਮੰਜ਼ਲਾ ਇਮਾਰਤ 'ਤੇ ਚੜ੍ਹਨ ਦਾ ਸੁਪਨਾ ਅਧੂਰਾ ਰਹਿ ਗਿਆ......
ਸੋਲ, : ਫ਼ਰਾਂਸੀਸੀ 'ਸਪਾਈਡਰ ਮੈਨ' ਐਲੇਨ ਰਾਬਰਟ (55) ਦਾ ਦੱਖਣ ਕੋਰੀਆ ਦੀ ਰਾਜਧਾਨੀ ਸੋਲ ਵਿਖੇ ਸਥਿਤ 123 ਮੰਜ਼ਲਾ ਇਮਾਰਤ 'ਤੇ ਚੜ੍ਹਨ ਦਾ ਸੁਪਨਾ ਅਧੂਰਾ ਰਹਿ ਗਿਆ। 'ਲੋਟੇ ਵਰਲਡ ਟਾਵਰ' 'ਤੇ ਅੱਧੀ ਦੂਰੀ ਪਾਰ ਕਰਨ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਦਿਤਾ। 'ਲੋਟੇ ਵਰਲਡ ਟਾਵਰ' ਦੁਨੀਆਂ ਦੀਆਂ ਸੱਭ ਤੋਂ ਉੱਚੀਆਂ ਇਮਾਰਤਾਂ 'ਚ ਪੰਜਵੇਂ ਨੰਬਰ 'ਤੇ ਹੈ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਪਰਬਤਾਰੋਹੀ ਅਤੇ ਉੱਚੀਆਂ ਇਮਾਰਤਾਂ 'ਤੇ ਚੜ੍ਹਨ ਵਾਲੇ ਲੋਕ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਦੇ ਹਨ ਪਰ 'ਫ੍ਰੀਕਲਾਈਮਰ' ਐਲੇਨ ਰਾਬਰਟ ਬਿਨਾਂ ਕਿਸੇ ਮਦਦ ਦੇ ਫ਼ਿਲਮੀ ਕਿਰਦਾਰ 'ਸਪਾਈਡਰ ਮੈਨ' ਵਾਂਗ ਚੜ੍ਹਾਈ ਕਰਦੇ ਹਨ। ਐਲੇਨ ਰਾਬਰਟ ਨੇ ਬਿਨਾਂ ਰੱਸੀ ਅਤੇ ਸਾਜੋ-ਸਾਮਾਨ ਦੇ ਇਮਾਰਤ 'ਤੇ ਚੜ੍ਹਾਈ ਸ਼ੁਰੂ ਕਰ ਦਿਤੀ ਸੀ ਪਰ ਇਮਾਰਤ ਦੇ ਕਰਮਚਾਰੀਆਂ ਨੇ ਅੰਦਰੋਂ ਉਨ੍ਹਾਂ ਦਾ ਪਿੱਛਾ ਕੀਤਾ।
ਰਾਬਰਟ ਨੇ ਦਸਿਆ ਕਿ ਉਹ 75 ਮੰਜ਼ਲ ਦੀ ਚੜ੍ਹਾਈ ਕਰ ਚੁਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਇਮਾਰਤ ਦੀ ਰੱਖ-ਰਖਾਅ ਕਰਨ ਵਾਲੇ ਉਪਕਰਨ ਜ਼ਰੀਏ ਛੱਤ 'ਤੇ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਚੜ੍ਹਾਈ ਰੋਕਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੜ੍ਹਾਈ ਦੋ ਕੋਰੀਆਈ ਦੇਸ਼ਾਂ ਵਿਚਕਾਰ ਸ਼ਾਂਤੀ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਜਸ਼ਨ ਸੀ। ਗਿਨੀਜ਼ ਵਰਡਲ ਰੀਕਾਰਡ ਮੁਤਾਬਕ ਰਾਬਰਟ 100 ਤੋਂ ਵੱਧ ਸਭ ਤੋਂ ਉੱਚੀਆਂ ਇਮਾਰਤਾਂ 'ਤੇ ਬਿਨਾਂ ਰੱਸੀ ਅਤੇ ਸੁਰੱਖਿਆ ਉਪਕਰਨਾਂ ਦੇ ਚੜ੍ਹਾਈ ਕਰ ਚੁਕੇ ਹਨ। (ਪੀਟੀਆਈ)