
ਵਿਦੇਸ਼ ਮੰਤਰਾਲਾ ਨੇ ਕਿਹਾ - ਸਮਰਾਟ ਅਸ਼ੋਕ ਦੇ ਸਾਮਰਾਜ ਨੂੰ ਦਰਸਾਉਂਦਾ ਹੈ ਚਿੱਤਰ
ਨਵੀਂ ਦਿੱਲੀ : ਨਵੇਂ ਸੰਸਦ ਭਵਨ ਵਿਚ ਸਥਾਪਤ ਕੀਤੇ ਗਏ ‘ਅਖੰਡ ਭਾਰਤ’ ਦਾ ਨਕਸ਼ਾ ਚਰਚਾ ਵਿਚ ਹੈ। ਪਾਕਿਸਤਾਨ ਤੇ ਨੇਪਾਲ ਤੋਂ ਬਾਅਦ ਹੁਣ ਬੰਗਲਾਦੇਸ਼ ਵਲੋਂ ਵੀ ਇਤਰਾਜ਼ ਜ਼ਾਹਰ ਕੀਤਾ ਗਿਆ ਹੈ। ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਮੁਹੰਮਦ ਸ਼ਹਿਰਯਾਰ ਆਲਮ ਦੇ ਹਵਾਲੇ ਨਾਲ ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦਿੱਲੀ ’ਚ ਉਨ੍ਹਾਂ ਪਣੇ ਦੂਤਾਵਾਸ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਲਈ ਕਿਹਾ ਹੈ ਤਾਂ ਜੋ ਇਸ ਮਾਮਲੇ ’ਤੇ ਭਾਰਤ ਦਾ ਅਧਿਕਾਰਤ ਰੁਖ਼ ਜਾਣਿਆ ਜਾ ਸਕੇ। ਪਿਛਲੇ ਹਫ਼ਤੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਵੀ ਇਸ ਨਕਸ਼ੇ ਉਤੇ ‘ਗੰਭੀਰ ਚਿੰਤਾ’ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਇਕ ਵਿਸਤਾਰਵਾਦੀ ਮਾਨਸਿਕਤਾ ਦੇ ਮਨ ਦੀ ਕਾਢ ਹੈ।
ਢਾਕਾ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਵਿਦੇਸ਼ ਰਾਜ ਮੰਤਰੀ ਮੁਹੰਮਦ ਸ਼ਹਿਰਯਾਰ ਆਲਮ ਨੇ ਕਿਹਾ, ‘ਕਈ ਪਾਸਿਉਂ ਇਸ ਨਕਸ਼ੇ 'ਤੇ ਰੋਸ ਜਤਾਇਆ ਗਿਆ ਹੈ। ਇਸ ਲਈ ਦਿੱਲੀ ਸਥਿਤ ਕਮਿਸ਼ਨ ਨੂੰ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਰਨ ਲਈ ਕਿਹਾ ਗਿਆ ਹੈ। ਪਰ ਸਾਨੂੰ ਪਤਾ ਲੱਗਾ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਸਮਰਾਟ ਅਸ਼ੋਕ ਦੇ ਸਾਮਰਾਜ ਦਾ ਨਕਸ਼ਾ ਹੈ, ਜੋ ਕਿ ਜੀਸਸ ਕ੍ਰਾਈਸਟ ਦੇ ਜਨਮ ਤੋਂ ਵੀ 300 ਵਰ੍ਹੇ ਪਹਿਲਾਂ ਦਾ ਹੈ। ਇਸ ਵਿਚ ਉਸ ਸਮੇਂ ਦੇ ਇਲਾਕਿਆਂ ਦਾ ਨਕਸ਼ਾ ਹੈ ਜੋ ਕੰਧ ਟਤੇ ਬਣਾਇਆ ਗਿਆ ਹੈ। ਇਹ ਚਿੱਤਰ ਲੋਕਾਂ ਦੇ ਸਫ਼ਰ ਨੂੰ ਦਰਸਾਉਂਦਾ ਹੈ।''
ਇਹ ਵੀ ਪੜ੍ਹੋ: ਦੁਨੀਆਂ ਦੀ ਸੱਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਦਾ ਦੇਹਾਂਤ
ਉਨ੍ਹਾਂ ਕਿਹਾ ਕਿ ਸੱਭਿਆਚਾਰਕ ਸਮਾਨਤਾਵਾਂ ਹੋ ਸਕਦੀਆਂ ਹਨ ਪਰ ਇਸ ਦਾ ਸਿਆਸਤ ਨਾਲ ਕੋਈ ਵਾਸਤਾ ਨਹੀਂ ਹੈ। ਉਧਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚਿੱਤਰ ਹੇਠਾਂ ਜਿਹੜੀ ਤਖ਼ਤੀ ਹੈ, ਇਹ ਸਮਰਾਟ ਅਸ਼ੋਕ ਦੇ ਸਾਮਰਾਜ ਦੇ ਪਸਾਰ ਬਾਰੇ ਦਸਦੀ ਹੈ, ਤੇ ਨਾਲ ਹੀ ‘ਜ਼ਿੰਮੇਵਾਰ ਅਤੇ ਲੋਕ-ਪੱਖੀ ਪ੍ਰਸ਼ਾਸਨ ਦੇ ਵਿਚਾਰ’ ਦੀ ਵੀ ਗੱਲ ਕਰਦੀ ਹੈ ਜੋ ਅਪਨਾਇਆ ਗਿਆ ਤੇ ਫੈਲਾਇਆ ਗਿਆ।’
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਨਵੀਂ ਸੰਸਦੀ ਇਮਾਰਤ ਦੇ ਉਦਘਾਟਨ ਮਗਰੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਇਮਾਰਤ ਦੇ ਅੰਦਰ ਸਥਾਪਤ ਚਿੱਤਰ ‘ਅਖੰਡ ਭਾਰਤ’ ਨੂੰ ਦਰਸਾਉਂਦਾ ਹੈ। ਇਸ ਨਕਸ਼ੇ ਵਿਚ ਵਰਤਮਾਨ ਅਫ਼ਗ਼ਾਨਿਸਤਾਨ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਅਤੇ ਮਿਆਂਮਾਰ ਨੂੰ ਸ਼ਾਮਲ ਕੀਤਾ ਗਿਆ ਹੈ।