
ਰਾਜਬੀਰ ਕੌਰ ਅਤੇ ਸੁਹਜਵੀਰ ਕੌਰ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ
ਔਕਲੈਂਡ, 6 ਅਗੱਸਤ (ਹਰਜਿੰਦਰ ਸਿੰਘ ਬਸਿਆਲਾ): ਅੱਜ ਦੇ ਯੁੱਗ ਵਿਚ ਲੋਕ ਲੱਭੀ ਲਭਾਈ ਵਸਤੂ ਮੋੜਨ ਦੀ ਥਾਂ ਤਰੀਕੇ ਨਾਲ ਵਰਤਣ ਵਿਚ ਸਿਆਣਪ ਸਮਝਦੇ ਹਨ। ਜੇਕਰ ਇਹ ਵਸਤੂ ਪੈਸਿਆਂ (ਡਾਲਰਾਂ) ਦੇ ਰੂਪ ਵਿਚ ਹੋਵੇ ਤਾਂ ਆਮ ਇਨਸਾਨ ਦਾ ਦਿਲ ਜ਼ਰੂਰ ਕਰੇਗਾ ਕਿ ਕਿਉਂ ਨਾ ਇਹ ਰਕਮ ਵਰਤ ਕੇ ਕੁਝ ਅਮੀਰ ਬਣਿਆ ਜਾਵੇ? ਪਰ ਅਮੀਰੀ ਦੇ ਅਰਥ ਬੇਗਾਨਾ ਧਨ ਮੋੜਨ ਵਿਚ ਵੀ ਲੁਕੇ ਹੁੰਦੇ ਹਨ ਜਿਨ੍ਹਾਂ ਦੀ ਉਦਾਹਰਣ ਪੰਜਾਬ ਦੀਆਂ ਦੋ ਕੁੜੀਆਂ ਰਾਜਬੀਰ ਕੌਰ ਪਿੰਡ ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਅਤੇ ਸੁਹਜਵੀਰ ਕੌਰ ਪਿੰਡ ਦਿੜਬਾ (ਸੰਗਰੂਰ) ਨੇ ਇਥੋਂ ਦੇ ਇਕ ਸ਼ਹਿਰ ਹਮਿਲਟਨ ਵਿਖੇ ਪੇਸ਼ ਕੀਤੀ।
Rajbir Kaur and Suhajveer Kaur
ਬੀਤੇ ਦਿਨੀਂ ਜਦੋਂ ਉਹ ਬਾਅਦ ਦੁਪਹਿਰ ਅਪਣੇ ਕਾਲਜ 'ਵਿਨਟੈਕ' ਜਾ ਰਹੀਆਂ ਸਨ ਤਾਂ ਰਸਤੇ ਦੇ ਵਿਚ ਉਨ੍ਹਾਂ ਨੂੰ ਇਕ ਲਿਫਾਫਾ ਮਿਲਿਆ ਜਿਸ ਉਤੇ ਏ. ਐਨ. ਜ਼ੈਡ. ਬੈਂਕ ਦਾ ਨਾਂ ਲਿਖਿਆ ਸੀ। ਕੁੜੀਆਂ ਨੇ ਜਦੋਂ ਚੈਕ ਕੀਤਾ ਤਾਂ ਉਸ ਵਿਚ ਕੁਝ ਹਜ਼ਾਰ ਡਾਲਰ ਸਨ। ਉਨ੍ਹਾਂ ਦੇ ਮਨ ਵਿਚ ਆਇਆ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਪਰ ਫਿਰ ਖ਼ਿਆਲ ਆਇਆ ਕਿ ਕਲਾਸ ਲਗਾਉਣ ਦਾ ਵੀ ਸਮਾਂ ਹੋ ਚਲਿਆ ਹੈ ਤੇ ਉਹ ਨਵੀਂਆਂ-ਨਵੀਂਆਂ ਆਈਆਂ ਹਨ, ਜਿਆਦਾ ਜਾਣਕਾਰੀ ਵੀ ਨਹੀਂ ਕਿ ਕਿੱਥੇ ਰੀਪੋਰਟ ਕਰਨ, ਇਸ ਕਰ ਕੇ ਉਨ੍ਹਾਂ ਸੋਚਿਆ ਕਿ ਉਹ ਇਸ ਨੂੰ ਅਪਣੇ ਪ੍ਰਫ਼ੈਸਰ ਨੂੰ ਦੇ ਦੇਣਗੀਆਂ। ਉਨ੍ਹਾਂ ਇਹ ਲਿਫਾਫਾ ਅਪਣੇ ਪ੍ਰੋਫ਼ੈਸਰ ਨੂੰ ਦੇ ਦਿਤਾ ਅਤੇ ਕਲਾਸ ਲਾ ਲਾਈ।
ਪ੍ਰੋਫ਼ੈਸਰ ਨੇ ਕਿਹਾ ਕਿ ਉਹ ਇਹ ਰਕਮ ਕੱਲ ਖ਼ੁਦ ਹੀ ਉਨ੍ਹਾਂ ਨਾਲ ਪੁਲਿਸ ਸਟੇਸ਼ਨ ਜਾ ਕੇ ਦੇ ਆਉਣਗੇ। ਅਗਲੇ ਦਿਨ ਇਹ ਰਕਮ ਪੁਲਿਸ ਦੇ ਸਪੁਰਦ ਕਰ ਦਿਤੀ ਗਈ। ਪੁਲਿਸ ਨੇ ਉਸ ਰਕਮ ਦੇ ਮਾਲਕਾਂ ਨੂੰ ਲੱਭ ਲਿਆ। ਮਾਲਕ ਜਦੋਂ ਇਹ ਗਵਾਚਿਆ ਲਿਫਾਫਾ ਵਾਪਸ ਲੈਣ ਆਏ ਤਾਂ ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਪੈਸੇ ਮੋੜੇ ਹਨ ਅਸੀਂ ਉਨ੍ਹਾਂ ਦਾ ਧਨਵਾਦ ਕਰਨਾ ਚਾਹੁੰਦੇ ਹਾਂ। ਪ੍ਰੋਫ਼ੈਸਰ ਅਤੇ ਇਹ ਦੋਵੇਂ ਕੁੜੀਆਂ ਪੁਲਿਸ ਸਟੇਸ਼ਨ ਗਈਆਂ ਤਾਂ ਰਕਮ ਦੇ ਅਸਲ ਮਾਲਕਾਂ ਨੇ ਇਨ੍ਹਾਂ ਕੁੜੀਆਂ ਦਾ ਦਿਲੋਂ ਧਨਵਾਦ ਕੀਤਾ। ਇਨ੍ਹਾਂ ਕੁੜੀਆਂ ਲਈ ਦੋ ਥੈਂਕਸ ਕਾਰਡ ਅਤੇ 100-100 ਡਾਲਰ ਇਨਾਮ ਈਮਾਨਦਾਰੀ ਜ਼ਿੰਦਾ ਰਖਣ ਦੀ ਉਦਾਹਰਣ ਪੇਸ਼ ਕਰਨ ਲਈ ਸਤਿਕਾਰ ਵਜੋਂ ਦਿਤੇ। ਇਸ ਤੋਂ ਬਾਅਦ ਹਮਿਲਟਨ ਪੁਲਿਸ ਨੇ ਵੀ ਅਪਣੀ ਫ਼ੇਸਬੁੱਕ ਉਤੇ ਇਨ੍ਹਾਂ ਅੰਤਰਾਰਾਸ਼ਟਰੀ ਕੁੜੀਆਂ ਬਾਬਤ ਬਹੁਤ ਸੋਹਣਾ ਲਿਖ ਕੇ ਪਾਇਆ ਅਤੇ ਮਾਣ ਮਹਿਸੂਸ ਕੀਤਾ।