ਨੇਪਾਲ ਦੇ ਨੁਵਾਕੋਟ 'ਚ ਵਾਪਰਿਆ ਇਹ ਹਾਦਸਾ , ਕਾਠਮੰਡੂ ਤੋਂ ਰਸੂਵਾ ਜਾ ਰਿਹਾ ਸੀ ਹੈਲੀਕਾਪਟਰ
Nepal Helicopter Crash : ਨੇਪਾਲ ਦੇ ਨੁਵਾਕੋਟ ਦੇ ਸ਼ਿਵਪੁਰੀ ਇਲਾਕੇ 'ਚ ਏਅਰ ਡਾਇਨੇਸਟੀ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਨੇਪਾਲ ਪੁਲਿਸ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਚਾਰ ਚੀਨੀ ਨਾਗਰਿਕਾਂ ਸਮੇਤ ਕੁੱਲ ਪੰਜ ਲੋਕ ਸਵਾਰ ਸਨ।
ਸਥਾਨਕ ਮੀਡੀਆ ਮੁਤਾਬਕ ਹੈਲੀਕਾਪਟਰ ਕਾਠਮੰਡੂ ਤੋਂ ਰਸੂਵਾ ਜਾ ਰਿਹਾ ਸੀ। ਇਹ ਹਾਦਸਾ ਨੇਪਾਲ ਦੇ ਨੁਵਾਕੋਟ 'ਚ ਵਾਪਰਿਆ ਹੈ। ਏਅਰ ਡਾਇਨੇਸਟੀ ਦਾ ਹੈਲੀਕਾਪਟਰ ਅਚਾਨਕ ਕਰੈਸ਼ ਹੋ ਗਿਆ। ਹੈਲੀਕਾਪਟਰ ਨੂੰ ਅੱਗ ਲੱਗ ਗਈ ਅਤੇ ਅੰਦਰ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ।
ਉਡਾਣ ਭਰਨ ਤੋਂ 3 ਮਿੰਟ ਬਾਅਦ ਟੁੱਟਿਆ ਸੰਪਰਕ
ਮੀਡੀਆ ਰਿਪੋਰਟਾਂ ਮੁਤਾਬਕ ਇਹ ਭਿਆਨਕ ਹੈਲੀਕਾਪਟਰ ਹਾਦਸਾ ਨੇਪਾਲ ਦੇ ਨੁਵਾਕੋਟ ਦੇ ਸ਼ਿਵਪੁਰੀ 'ਚ ਵਾਪਰਿਆ। ਇਸ ਹੈਲੀਕਾਪਟਰ ਵਿੱਚ 4 ਚੀਨੀ ਨਾਗਰਿਕਾਂ ਸਮੇਤ ਪੰਜ ਲੋਕ ਸਵਾਰ ਸਨ। ਕੈਪਟਨ ਅਰੁਣ ਮੱਲਾ ਹੈਲੀਕਾਪਟਰ ਵਿੱਚ ਬਤੌਰ ਪਾਇਲਟ ਮੌਜੂਦ ਸਨ। ਟੀਆਈਏ ਤੋਂ ਉਡਾਣ ਭਰਨ ਤੋਂ ਸਿਰਫ਼ 3 ਮਿੰਟ ਬਾਅਦ ਹੀ ਹੈਲੀਕਾਪਟਰ ਦਾ ਅਚਾਨਕ ਸੰਪਰਕ ਟੁੱਟ ਗਿਆ। ਕੁਝ ਸਮੇਂ ਬਾਅਦ ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ।
ਕਿਵੇਂ ਹੋਇਆ ਹਾਦਸਾ ?
ਹੈਲੀਕਾਪਟਰ ਹਾਦਸੇ ਦਾ ਕਾਰਨ ਪਹਾੜੀ ਨਾਲ ਟਕਰਾਉਣਾ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਹੈਲੀਕਾਪਟਰ ਨੇ ਪੰਜ ਲੋਕਾਂ ਨੂੰ ਲੈ ਕੇ ਕਾਠਮੰਡੂ ਤੋਂ ਰਸੂਵਾ ਲਈ ਉਡਾਣ ਭਰੀ ਸੀ। ਫਿਰ ਹੈਲੀਕਾਪਟਰ ਨੁਵਾਕੋਟ ਜ਼ਿਲ੍ਹੇ ਦੇ ਸੂਰਿਆ ਚੌਰ-7 'ਤੇ ਪਹਾੜੀ ਨਾਲ ਟਕਰਾ ਗਿਆ। ਪਹਾੜੀ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ 5 ਲੋਕਾਂ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਵੀ ਵਾਪਰਿਆ ਸੀ ਹਾਦਸਾ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੇਪਾਲ ਵਿੱਚ ਕਿਸੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। 24 ਜੁਲਾਈ ਨੂੰ ਵੀ ਨੇਪਾਲ ਵਿੱਚ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ। ਕਾਠਮੰਡੂ ਤੋਂ ਪੋਖਰਾ ਲਈ ਉਡਾਣ ਭਰਦੇ ਹੀ ਜਹਾਜ਼ ਨੂੰ ਅੱਗ ਲੱਗ ਗਈ ਸੀ। ਜਹਾਜ਼ 'ਚ ਮੌਜੂਦ 19 ਯਾਤਰੀਆਂ 'ਚੋਂ 18 ਯਾਤਰੀਆਂ ਦੀ ਅੱਗ 'ਚ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਸਨ।