
ਨਵੀਆਂ ਸ਼ਰਤਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਅਪਣੀ ਆਰਥਿਕ ਸਥਿਤੀ ਸਾਬਤ ਕਰਨ ਲਈ ਘੱਟੋ-ਘੱਟ 20,635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਹਨ।
Canada cancels visas of 80 percent of Indian students: ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਲਈ ਨਵੇਂ ਸਖ਼ਤ ਨਿਯਮ ਲਾਗੂ ਕੀਤੇ ਹਨ, ਜਿਸ ਕਾਰਨ 2025 ’ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰੀ ਡਾਟਾ ਮੁਤਾਬਕ ਇਸ ਸਾਲ ਲਗਭਗ 62 ਫ਼ੀ ਸਦੀ ਵੀਜ਼ਾ ਅਰਜ਼ੀਆਂ ਰੱਦ ਹੋਈਆਂ, ਜਦੋਂਕਿ ਭਾਰਤੀ ਵਿਦਿਆਰਥੀਆਂ ਲਈ ਇਹ ਅੰਕੜਾ ਹੋਰ ਵੀ ਚਿੰਤਾਜਨਕ ਹੈ-ਉਨ੍ਹਾਂ ’ਚੋਂ ਕਰੀਬ 80 ਫ਼ੀ ਸਦੀ ਦੀਆਂ ਅਰਜ਼ੀਆਂ ਖ਼ਾਰਜ ਕਰ ਦਿਤੀਆਂ ਗਈਆਂ।
ਨਵੀਆਂ ਸ਼ਰਤਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਅਪਣੀ ਆਰਥਿਕ ਸਥਿਤੀ ਸਾਬਤ ਕਰਨ ਲਈ ਘੱਟੋ-ਘੱਟ 20,635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਹਨ। ਨਾਲ ਹੀ ਪੜ੍ਹਾਈ ਦੀ ਸਪੱਸ਼ਟ ਯੋਜਨਾ ਅਤੇ ਸਾਰੇ ਕਾਗ਼ਜ਼ਾਤ ਬਿਨਾਂ ਗ਼ਲਤੀ ਦੇ ਪੇਸ਼ ਕਰਨੇ ਲਾਜ਼ਮੀ ਹੋ ਗਏ ਹਨ। ਪਹਿਲਾਂ ਮੌਜੂਦ ‘ਸਟੂਡੈਂਟ ਡਾਇਰੈਕਟ ਸਟਰੀਮ’ ਵਰਗੀ ਤੇਜ਼ ਪ੍ਰਕਿਰਿਆ ਵੀ ਹੁਣ ਬੰਦ ਕਰ ਦਿਤੀ ਗਈ ਹੈ, ਜਿਸ ਨਾਲ ਅਰਜ਼ੀਆਂ ਦੇ ਨਤੀਜੇ ਆਉਣ ’ਚ ਹੋਰ ਸਮਾਂ ਲੱਗਣ ਲੱਗਾ ਹੈ। ਕੈਨੇਡਾ ਸਰਕਾਰ ਨੇ 2025 ਲਈ ਵੀਜ਼ਿਆਂ ਦੀ ਗਿਣਤੀ ਵੀ ਘਟਾ ਦਿਤੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਲਗਭਗ 10 ਫ਼ੀ ਸਦੀ ਘੱਟ, ਯਾਨੀ 4.37 ਲੱਖ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਨਾਲ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੇ ਵਰਕ ਪਰਮਿਟ ਲਈ ਭਾਸ਼ਾ ਦੀ ਯੋਗਤਾ ਨੂੰ ਵੀ ਕਾਫ਼ੀ ਸਖ਼ਤ ਕਰ ਦਿਤਾ ਗਿਆ ਹੈ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੁਣ 22 ਲੈਵਲ ਅਤੇ ਕਾਲਜ ਵਿਦਿਆਰਥੀਆਂ ਲਈ ਘੱਟੋ-ਘੱਟ 21 ਲੈਵਲ ਲਾਜ਼ਮੀ ਕੀਤਾ ਗਿਆ ਹੈ। ਇਹ ਨਵੀਆਂ ਪਾਬੰਦੀਆਂ ਭਾਰਤੀ ਵਿਦਿਆਰਥੀਆਂ ਅਤੇ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਦੋਵਾਂ ਲਈ ਚੁਣੌਤੀ ਬਣ ਰਹੀਆਂ ਹਨ। ਪਿਛਲੇ ਸਾਲ ਕੈਨੇਡਾ ’ਚ ਇਕ ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ, ਜਿਨ੍ਹਾਂ ’ਚੋਂ ਸਭ ਤੋਂ ਵੱਡਾ ਹਿੱਸਾ ਭਾਰਤ ਤੋਂ ਸੀ। ਹੁਣ ਵੀਜ਼ਾ ਰੱਦ ਹੋਣ ਨਾਲ ਕਈ ਪਰਿਵਾਰਾਂ ਦੇ ਸੁਪਨੇ ਟੁੱਟ ਰਹੇ ਹਨ ਅਤੇ ਯੂਨੀਵਰਸਿਟੀਆਂ ਨੂੰ ਵੀ ਆਪਣੇ ਦਾਖ਼ਲਿਆਂ ’ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
(For more news apart from “Canada cancels visas of 80 percent of Indian students,” stay tuned to Rozana Spokesman.)