
ਕਿਸ਼ਿਦਾ ਦੀ ਸੱਤਾਧਾਰੀ ਪਾਰਟੀ ਵਿਚ ਇਕੇਦਾ ਦੇ ਧੜੇ ਨੂੰ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ
ਟੋਕੀਓ- ਜਾਪਾਨ ਵਿਚ ਇੱਕ ਵੱਡੇ ਸਿਆਸੀ ਦਾਨ ਘੁਟਾਲੇ ਦੇ ਸਬੰਧ ਵਿਚ ਸਰਕਾਰੀ ਵਕੀਲਾਂ ਨੇ ਐਤਵਾਰ ਨੂੰ ਪਹਿਲੀ ਗ੍ਰਿਫ਼ਤਾਰੀ ਕੀਤੀ। ਇਸ ਘੁਟਾਲੇ ਨੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਧਿਕਾਰੀਆਂ ਅਤੇ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਟੋਕੀਓ ਜ਼ਿਲ੍ਹਾ ਸਰਕਾਰੀ ਵਕੀਲ ਦੇ ਦਫ਼ਤਰ ਨੇ ਸਾਬਕਾ ਉਪ ਸਿੱਖਿਆ ਮੰਤਰੀ ਯੋਸ਼ੀਤਾਕਾ ਇਕੇਦਾ ਨੂੰ ਸੱਤਾਧਾਰੀ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਅੰਦਰ ਉਸ ਦੇ ਧੜੇ ਤੋਂ ਚੰਦੇ ਦੇ ਗਬਨ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ।
ਕਿਸ਼ਿਦਾ ਦੀ ਸੱਤਾਧਾਰੀ ਪਾਰਟੀ ਵਿਚ ਇਕੇਦਾ ਦੇ ਧੜੇ ਨੂੰ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਪਹਿਲਾਂ ਇਸ ਗਰੁੱਪ ਦੀ ਅਗਵਾਈ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਕਰ ਰਹੇ ਸਨ। ਸਮੂਹ 'ਤੇ ਦਾਨ ਦੇ ਗਬਨ ਕਰਨ ਅਤੇ 600 ਮਿਲੀਅਨ ਯੇਨ (4.15 ਮਿਲੀਅਨ ਡਾਲਰ) ਤੋਂ ਵੱਧ ਦੇ ਖਾਤੇ ਸਾਂਝੇ ਨਾ ਕਰਨ ਦਾ ਦੋਸ਼ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਾਬਕਾ ਉਪ ਮੰਤਰੀ 'ਤੇ 40 ਮਿਲੀਅਨ ਯੇਨ (ਲਗਭਗ 276 500 ਅਮਰੀਕੀ ਡਾਲਰ) ਤੋਂ ਵੱਧ ਦੀ ਜਾਣਕਾਰੀ ਨਾ ਦੇਣ ਦਾ ਦੋਸ਼ ਹੈ।
ਉਸ ਨੇ ਇਹ ਰਕਮ ਇੱਕ ਸਿਆਸੀ ਪ੍ਰੋਗਰਾਮ ਦੀ ਟਿਕਟ ਦੀ ਵਿਕਰੀ ਤੋਂ ਇਕੱਠੇ ਕੀਤੇ ਪੈਸੇ ਵਿਚੋਂ ਰਿਸ਼ਵਤ ਵਜੋਂ ਪ੍ਰਾਪਤ ਕੀਤੀ ਸੀ, ਜੋ ਕਿ ਸਿਆਸੀ ਫੰਡ ਕੰਟਰੋਲ ਐਕਟ ਦੀ ਉਲੰਘਣਾ ਹੈ। ਪ੍ਰਧਾਨ ਮੰਤਰੀ ਕਿਸ਼ਿਦਾ ਨੇ ਐਤਵਾਰ ਨੂੰ ਕਿਹਾ ਕਿ ਇਕੇਦਾ ਦੀ ਗ੍ਰਿਫ਼ਤਾਰੀ "ਬਹੁਤ ਹੀ ਅਫ਼ਸੋਸਜਨਕ" ਸੀ ਅਤੇ ਪਾਰਟੀ ਨੇ ਉਸ ਨੂੰ ਕੱਢਣ ਦਾ ਫ਼ੈਸਲਾ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਫੰਡ ਇਕੱਠਾ ਕਰਨ ਬਾਰੇ ਨਿਯਮਾਂ ਨੂੰ ਸਖ਼ਤ ਕਰਨ ਲਈ ਇਸ ਹਫ਼ਤੇ ਦੇ ਅੰਤ ਵਿਚ ਇੱਕ ਮਾਹਰ ਕਮੇਟੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਕਿਸ਼ੀਦਾ ਨੇ ਪੱਤਰਕਾਰਾਂ ਨੂੰ ਕਿਹਾ ਕਿ “ਸਾਨੂੰ ਇਸ ਨਾਲ ਪਾਰਟੀ ਨੂੰ ਹੋਏ ਨੁਕਸਾਨ ਨੂੰ ਸਮਝਣਾ ਚਾਹੀਦਾ ਹੈ ਅਤੇ ਜਨਤਾ ਦਾ ਵਿਸ਼ਵਾਸ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।