
ਸਾਲ 2020 ਦਾ ਹੈ ਮਾਮਲਾ, ਪੁਲਿਸ ਵਿਭਾਗ 'ਚ ਸੀ ਬਿਜਲੀ ਦਾ ਕੰਮ
ਸਿੰਗਾਪੁਰ - ਸਿੰਗਾਪੁਰ ਪੁਲਿਸ ਵਿਭਾਗ ਵਿੱਚ ਆਪਣੇ ਨਿਰਧਾਰਤ ਕਾਰਜ ਸਥਾਨ 'ਤੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਤਿੰਨ ਭਾਰਤੀ ਮੂਲ ਦੇ ਤਕਨੀਸ਼ੀਅਨਾਂ ਨੂੰ ਜੁਰਮਾਨਾ ਲਗਾਇਆ ਗਿਆ, ਜਦੋਂ ਕਿ ਇੱਕ ਹੋਰ ਵਿਅਕਤੀ ਦੀ ਕੰਮ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ।
ਸਾਲ 2020 ਦੇ ਇਸ ਮਾਮਲੇ ਵਿੱਚ, ਮੁਰੂਗਨ ਕੋਥਲਮ (27) ਦੀ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।
ਤਕਨੀਸ਼ੀਅਨਾਂ ਇਜਿਲਾਰਸਨ ਨਾਗਾਰਾਜਨ (26) ਅਤੇ ਰਾਧਾਕ੍ਰਿਸ਼ਨਨ ਇਲਾਵਰਾਸਨ (28) ਨੂੰ 1000 (ਸਿੰਗਾਪੁਰੀ) ਡਾਲਰ ਦਾ ਜੁਰਮਾਨਾ ਲਗਾਇਆ ਗਿਆ, ਜਦੋਂ ਕਿ ਬਾਲਾਸੁਬਰਾਮਨੀਅਮ ਨਿਵਾਸ (29) ਨੂੰ 1500 ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਤਿੰਨਾਂ ਨੇ ਚੋਰੀ ਦੀ ਕੋਸ਼ਿਸ਼ ਦਾ ਜੁਰਮ ਕਬੂਲ ਕਰ ਲਿਆ ਹੈ।
ਡਿਪਟੀ ਸਰਕਾਰੀ ਵਕੀਲ ਵੀ. ਜੇਸੁਦੇਵਨ ਨੇ ਅਦਾਲਤ ਨੂੰ ਦੱਸਿਆ ਕਿ ਇਲਾਵਰਸਨ ਅਤੇ ਨਿਵਾਸ, ਆਲਟੈਕ ਸਿਸਟਮ ਕੰਪਨੀ ਦੀ ਤਰਫੋਂ 15 ਅਕਤੂਬਰ, 2020 ਨੂੰ ਸਵੇਰੇ 10.30 ਵਜੇ ਪੁਲਿਸ ਨੈਸ਼ਨਲ ਸਰਵਿਸ ਡਿਪਾਰਟਮੈਂਟ ਦੀ ਇਮਾਰਤ ਵਿੱਚ ਪਹੁੰਚੇ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਇਨ੍ਹਾਂ ਦੇ ਸੁਪਰਵਾਈਜ਼ਰ ਵੱਲੋਂ ਹਿਦਾਇਤ ਦਿੱਤੀ ਗਈ ਸੀ ਕਿ ਹੋਜ਼ ਰੀਲ ਬਾਕਸ (ਤਾਰ ਦਾ ਬੰਡਲ ਬਾਕਸ) ਕੱਢਣ ਲਈ ਵਰਤਿਆ ਜਾਣ ਵਾਲਾ ਸੰਦ ਕਿਸੇ ਦੋ ਹੋਰ ਵਿਅਕਤੀਆਂ ਨੂੰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਨਿਵਾਸ ਅਤੇ ਇਲਾਵਰਸਨ ਨੇ ਨੰਗੀਆਂ ਤਾਰਾਂ ਨੂੰ ਕੱਟ ਕੇ ਵੇਚਣ ਦੀ ਸਾਜ਼ਿਸ਼ ਰਚੀ ਸੀ।
ਨਾਗਾਰਾਜਨ ਅਤੇ ਇਲਾਵਰਸਨ ਨੇ ਤਾਰਾਂ ਨੂੰ ਬੰਡਲ ਕੀਤਾ ਅਤੇ ਫਿਰ ਹੋਜ਼ ਰੀਲ ਹਟਾਉਣ ਲਈ ਮੁੱਖ ਇਮਾਰਤ ਵਿੱਚ ਗਏ। ਬਾਅਦ ਵਿੱਚ ਨਿਵਾਸ ਨੇ ਇੱਕ ਗੜਗੜਾਹਟ ਦੀ ਆਵਾਜ਼ ਸੁਣੀ ਅਤੇ ਦੇਖਿਆ ਕਿ ਕੋਥਾਲਮ ਜਿਸ ਪੌੜੀ 'ਤੇ ਖੜ੍ਹਾ ਸੀ, ਉਹ ਕੰਬ ਰਹੀ ਸੀ।
ਨਿਵਾਸ ਨੇ ਮਹਿਸੂਸ ਕੀਤਾ ਕਿ ਕੋਥਾਲਮ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੈ ਅਤੇ ਉਸ ਨੇ ਪੌੜੀ 'ਤੇ ਪੈਰ ਮਾਰਿਆ ਅਤੇ ਕੋਥਾਲਮ ਹੇਠਾਂ ਡਿੱਗ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਦੋਸ਼ੀਆਂ ਦੇ ਵਕੀਲਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੇ ਮੁਵੱਕਿਲਾਂ 'ਤੇ ਘੱਟ ਜੁਰਮਾਨਾ ਲਗਾਇਆ ਜਾਵੇ।