
ਇੱਕ ਵਿਅਕਤੀ ਨੇ ਭਾਰਤੀ ਔਰਤ ਦੀ ਛਾਤੀ 'ਤੇ ਮਾਰੀ ਸੀ ਲੱਤ, ਅਤੇ ਕੀਤੀਆਂ ਸੀ ਨਸਲੀ ਟਿੱਪਣੀਆਂ
ਸਿੰਗਾਪੁਰ - ਭਾਰਤੀ ਮੂਲ ਦੀ ਹਿੰਡੋਚਾ ਨੀਤਾ ਵਿਸ਼ਣੂਭਾਈ ਨੇ ਅਦਾਲਤ ਨੂੰ ਦੱਸਿਆ ਕਿ ਉਹ ਉਸ ਭਿਆਨਕ ਵਾਕਿਆ ਤੋਂ ਬਾਹਰ ਨਹੀਂ ਆ ਪਾ ਰਹੀ, ਜਿਸ ਦਾ ਸਾਹਮਣਾ ਉਸ ਨੇ ਦੋ ਸਾਲ ਪਹਿਲਾਂ ਕੀਤਾ ਸੀ।
ਜ਼ਿਕਰਯੋਗ ਹੈ ਕਿ 7 ਮਈ, 2021 ਨੂੰ ਚੂਆ ਚੂ ਕਾਂਗ ਹਾਊਸਿੰਗ ਅਸਟੇਟ ਵਿਖੇ, ਇੱਕ ਵਿਅਕਤੀ ਨੇ ਮਾਸਕ ਨਾ ਪਹਿਨਣ ਕਰਕੇ ਕਥਿਤ ਤੌਰ 'ਤੇ ਨੀਤਾ ਦੀ ਛਾਤੀ 'ਤੇ ਲੱਤ ਮਾਰੀ ਸੀ ਅਤੇ ਉਸ ਵਿਰੁੱਧ ਨਸਲੀ ਟਿੱਪਣੀਆਂ ਕੀਤੀਆਂ ਸਨ।
ਨੀਤਾ (57) ਨੇ ਮਾਮਲੇ ਦੀ ਪਹਿਲੀ ਸੁਣਵਾਈ ਦੌਰਾਨ ਬੁੱਧਵਾਰ ਨੂੰ ਅਦਾਲਤ 'ਚ ਆਪਣਾ ਪੱਖ ਪੇਸ਼ ਕੀਤਾ। ਮਾਮਲੇ ਦੇ ਦੋਸ਼ੀ ਵੋਂਗ ਸ਼ਿੰਗ ਫੋਂਗ (32) ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਵੋਂਗ 'ਤੇ ਨੀਤਾ 'ਤੇ ਨਸਲੀ ਟਿੱਪਣੀਆਂ ਕਰਨ ਦਾ ਦੋਸ਼ ਹੈ, ਜੋ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੀਤੀਆਂ ਗਈਆਂ ਸਨ। ਉਸ 'ਤੇ ਨਸਲੀ ਹਮਲੇ ਤਹਿਤ ਨੀਤਾ ਦੀ ਛਾਤੀ 'ਤੇ ਲੱਤ ਮਾਰ ਕੇ ਉਸ ਨੂੰ ਜਾਣਬੁੱਝ ਕੇ ਜ਼ਖਮੀ ਕਰਨ ਦਾ ਵੀ ਦੋਸ਼ ਹੈ।
ਬੁੱਧਵਾਰ ਨੂੰ, ਨੀਤਾ ਨੂੰ ਇਸਤਗਾਸਾ ਪੱਖ ਦੀ ਪਹਿਲੀ ਗਵਾਹ ਵਜੋਂ ਬੁਲਾਇਆ ਗਿਆ ਸੀ, ਪਰ ਜਿਵੇਂ ਹੀ ਉਹ ਅਦਾਲਤ ਦੇ ਕਮਰੇ ਵਿੱਚ ਪਹੁੰਚੀ ਤਾਂ ਉਹ ਖ਼ੁਦ ਨੂੰ ਸੰਭਾਲ਼ ਨਹੀਂ ਸਕੀ, ਅਤੇ ਰੋ ਪਈ।
ਇਹ ਸਪੱਸ਼ਟ ਨਹੀਂ ਸੀ ਕਿ ਉਹ ਵੋਂਗ ਨੂੰ ਦੇਖ ਕੇ ਰੋਈ ਸੀ ਜਾਂ ਕਿਸੇ ਹੋਰ ਕਾਰਨ ਕਰਕੇ, ਪਰ ਰਿਪੋਰਟ ਅਨੁਸਾਰ, ਜ਼ਿਲ੍ਹਾ ਜੱਜ ਸ਼ੈਫੂਦੀਨ ਸਰੂਵਨ ਨੇ ਮਾਮਲੇ ਨੂੰ ਅਸਥਾਈ ਰੂਪ 'ਚ ਰੋਕ ਕੇ ਉਸ ਨੂੰ ਸੰਭਲਣ ਦਾ ਸਮਾਂ ਦਿੱਤਾ। 30 ਮਿੰਟ ਬਾਅਦ ਸੁਣਵਾਈ ਮੁੜ ਸ਼ੁਰੂ ਹੋਈ।
ਨੀਤਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਮ ਤੌਰ 'ਤੇ ਕੰਮ ਕਰਨ ਲਈ ਤੇਜ਼ ਚੱਲਦੀ ਹੈ ਕਿਉਂਕਿ ਉਸ ਕੋਲ ਕੰਮ 'ਤੇ ਜਾਣ ਤੋਂ ਪਹਿਲਾਂ ਕਸਰਤ ਕਰਨ ਦਾ ਸਮਾਂ ਨਹੀਂ ਹੁੰਦਾ। ਤੇਜ਼ ਚੱਲਣ ਕਾਰਨ ਉਸ ਨੇ ਆਪਣਾ ਮਾਸਕ ਆਪਣੇ ਮੂੰਹ ਤੋਂ ਠੋਡੀ ਤੱਕ ਖਿੱਚ ਲਿਆ ਸੀ। ਉਹ ਬੱਸ ਸਟੈਂਡ ਵੱਲ ਪੈਦਲ ਜਾ ਰਹੀ ਸੀ ਕਿ ਉਸ ਨੂੰ ਕਿਸੇ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਉਸਨੇ ਪਿੱਛੇ ਮੁੜਿਆ, ਉਸ ਨੇ ਵੋਂਗ ਅਤੇ ਇੱਕ ਔਰਤ ਦਿਖਾਈ ਦਿੱਤੇ ਜੋ ਉਸ ਆਪਣਾ ਮਾਸਕ ਉੱਪਰ ਕਰਨ ਦਾ ਇਸ਼ਾਰਾ ਕਰ ਰਹੇ ਸਨ। ਉਦੋਂ ਉਸ ਨੇ ਉਨ੍ਹਾਂ ਨੂੰ ਇਹ ਦੱਸਣ ਲਈ ਇਸ਼ਾਰਾ ਕੀਤਾ ਕਿ ਉਹ ਕਸਰਤ ਕਰ ਰਹੀ ਹੈ।
ਨੀਤਾ ਨੇ ਕਿਹਾ, "ਮੈਂ ਲੜਨਾ ਨਹੀਂ ਚਾਹੁੰਦੀ ਸੀ, ਸਰ, ਇਸ ਲਈ ਮੈਂ ਕਿਹਾ, 'ਰੱਬ ਤੁਹਾਡਾ ਭਲਾ ਕਰੇ, " ਪਰ ਇਸ ਤੋਂ ਬਾਅਦ ਵੋਂਗ ਉਸ ਵੱਲ ਭੱਜਦਾ ਹੋਇਆ ਆਇਆ ਅਤੇ ਉਸ ਦੀ ਛਾਤੀ 'ਤੇ ਲੱਤ ਮਾਰੀ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਈ ਅਤੇ ਉਸਦੀ ਖੱਬੀ ਬਾਂਹ ਤੇ ਹਥੇਲੀ ਵਿੱਚੋਂ ਖ਼ੂਨ ਵਗਣ ਲੱਗਿਆ।
ਨੀਤਾ ਨੇ ਦੋਸ਼ ਲਾਇਆ ਕਿ ਵੋਂਗ ਅਤੇ ਉਸ ਦੀ ਮਹਿਲਾ ਸਾਥੀ ਇਸ ਤਰ੍ਹਾਂ ਚਲੇ ਗਏ ਜਿਵੇਂ ਕੁਝ ਹੋਇਆ ਹੀ ਨਾ ਹੋਵੇ।
ਉਸ ਨੇ ਕਿਹਾ, “ਮੈਂ ਉੱਚੀ-ਉੱਚੀ ਰੋ ਰਹੀ ਸੀ। ਮੈਂ ਡਰ ਗਈ ਸੀ। ਅੱਜ ਵੀ ਜੇਕਰ ਤੁਸੀਂ ਮੈਨੂੰ ਉਸ ਰਾਹ 'ਤੇ ਲੈ ਜਾਓ ਤਾਂ ਮੈਂ ਰੋਣ ਲੱਗ ਜਾਵਾਂਗੀ... ਮੈਂ ਬਹੁਤ ਡਰੀ ਹੋਈ ਸੀ।"
ਵੋਂਗ ਦੇ ਵਕੀਲ ਨੇ ਕਿਹਾ ਕਿ ਕਿਉਂਕਿ ਨੀਤਾ ਨੇ ਉਸ ਦੇ ਮੁਵੱਕਿਲ ਨੂੰ ਝਿੜਕਿਆ ਸੀ ਅਤੇ ਉਹ ਕਸਰਤ ਨਹੀਂ ਕਰ ਰਹੀ ਸੀ, ਇਸ ਲਈ ਉਸ ਕੋਲ ਆਪਣਾ ਮਾਸਕ ਹੇਠਾਂ ਕਰਨ ਦਾ ਕੋਈ ਕਾਰਨ ਨਹੀਂ ਸੀ।
ਨੀਤਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਕਾਰ ਦਿੱਤਾ।
ਮਾਮਲੇ ਦੀ ਸੁਣਵਾਈ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗੀ।