ਜੇਲ 'ਚ ਬੰਦ ਅਜ਼ਹਰੂਦੀਨ ਨੂੰ ਦੋਸ਼ੀ ਸਾਬਤ ਹੋਣ 'ਤੇ ਹੋ ਸਕਦੀ ਹੈ 20 ਸਾਲ ਤਕ ਦੀ ਸਜ਼ਾ
ਵਾਸ਼ਿੰਗਟ : ਅਮਰੀਕੀ ਸੂਬੇ ਵਰਜੀਨੀਆ ਵਿਚ ਇਕ 33 ਸਾਲਾ ਭਾਰਤੀ-ਅਮਰੀਕੀ ਵਿਅਕਤੀ 'ਤੇ ਇਸਲਾਮਿਕ ਸਟੇਟ (ਆਈ. ਐਸ.) ਦੀਆਂ ਔਰਤਾਂ ਨੂੰ ਸੀਰੀਆ ਦੇ ਸ਼ਰਨਾਰਥੀ ਕੈਂਪ ਤੋਂ ਬਾਹਰ ਕੱਢਣ ਲਈ ਹਜ਼ਾਰਾਂ ਡਾਲਰ ਦੇਣ ਦਾ ਦੋਸ਼ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸਥਾਨਕ ਮੀਡੀਆ ਵਿਚ ਨਸ਼ਰ ਖ਼ਬਰਾਂ 'ਚ ਕਿਹਾ ਗਿਆ ਹੈ ਕਿ ਮੁਹੰਮਦ ਅਜ਼ਹਰੂਦੀਨ ‘ਛੀਪਾ’ ਨੇ ਸੀਰੀਆ ਵਿਚ ਅਲ-ਹੋਲ ਸ਼ਰਨਾਰਥੀ ਕੈਂਪ ਵਿਚ ਰਹਿ ਰਹੀਆਂ ਆਈ.ਐਸ. ਔਰਤਾਂ ਲਈ ਫ਼ੰਡ ਜੁਟਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਅਤੇ ਹਿੰਸਕ ਕਾਰਵਾਈਆਂ ਵਿਚ ਸ਼ਾਮਲ ਹੋ ਕੇ ਜੇਹਾਦ ਲਈ ਆਨਲਾਈਨ ਸਮਰਥਨ ਦਿਤਾ।
ਐਫ਼.ਬੀ.ਆਈ. ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਅਖ਼ਬਾਰ ਨੇ ਲਿਖਿਆ ਕਿ 2019 ਵਿਚ, ਅਜ਼ਹਰੂਦੀਨ ਨੇ ਸੀਰੀਆ ਦੇ ਅਲ-ਹੋਲ ਸ਼ਰਨਾਰਥੀ ਕੈਂਪ ਵਿਚ 'ਭੈਣਾਂ' ਲਈ ਫ਼ੰਡ ਇਕੱਠਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਸ਼ੁਰੂ ਕੀਤੀ। ਸੀਰੀਆ ਨੂੰ 'ਆਈ.ਐਸ.ਆਈ.ਐਸ.' ਵਿਚਾਰਧਾਰਾ ਦਾ ਗੜ੍ਹ ਮੰਨਿਆ ਜਾਂਦਾ ਹੈ। ਐਫ਼.ਬੀ.ਆਈ. ਨੇ ਦਾਅਵਾ ਕੀਤਾ ਕਿ ਇਹ ਪੈਸਾ ਪਨਾਹ ਲਈ ਸੀ।
ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ ਸਾਰੀ ਉਮਰ ਕਾਂਗਰਸ ਦੇ ਨਾਂਅ 'ਤੇ ਖਾਧਾ, ਹੁਣ ਕਾਂਗਰਸ ਨੂੰ ਭੰਡਣਾ ਚੰਗੀ ਗੱਲ ਨਹੀਂ : ਰਾਜਾ ਵੜਿੰਗ
ਐਫ਼.ਬੀ.ਆਈ. ਨੇ ਕਿਹਾ ਹੈ ਕਿ 2019 ਵਿਚ ਅਜ਼ਹਰੂਦੀਨ ਦੇ ਘਰ ਦੀ ਤਲਾਸ਼ੀ ਦੌਰਾਨ ਕੱਟੜਪੰਥੀ ਵਿਚਾਰਧਾਰਾ, ਜੇਹਾਦ, ਆਈ.ਐਸ.ਆਈ.ਐਸ. ਅਤੇ ਹਿੰਸਕ ਪ੍ਰਚਾਰ ਬਾਰੇ ਵੱਖ-ਵੱਖ ਡਿਵਾਈਸਾਂ 'ਤੇ ਹਜ਼ਾਰਾਂ ਵੀਡਿਉ, ਤਸਵੀਰਾਂ, ਲੇਖ, ਕਿਤਾਬਾਂ, ਨੋਟਸ ਅਤੇ 'ਖੋਜ ਇਤਿਹਾਸ' ਮਿਲੇ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਲ 'ਚ ਬੰਦ ਅਜ਼ਹਰੂਦੀਨ ਨੂੰ ਦੋਸ਼ੀ ਸਾਬਤ ਹੋਣ 'ਤੇ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਐਫ਼.ਬੀ.ਆਈ. ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਰਨਾਰਥੀ ਕੈਂਪਾਂ ਵਿਚ ਬੰਦ ਬਹੁਤ ਸਾਰੀਆਂ ਔਰਤਾਂ ਆਈ.ਐਸ. ਲੜਾਕਿਆਂ ਨਾਲ ਵਿਆਹੀਆਂ ਗਈਆਂ ਸਨ ਜੋ ਜਾਂ ਤਾਂ ਮਾਰੇ ਗਏ ਸਨ ਜਾਂ ਅਮਰੀਕੀ ਸਮਰਥਿਤ ਬਲਾਂ ਵਿਰੁਧ ਸੀਰੀਆ ਦੇ ਖੇਤਰ ਨੂੰ ਕੰਟਰੋਲ ਕਰਨ ਲਈ ਲੜਦੇ ਹੋਏ ਫੜੇ ਗਏ ਸਨ।