
ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਖਬਰ ਦੇਰੀ ਨਾਲ ਦੇਣ ਦੇ ਗਲੋਬਲ ਦੋਸ਼ਾਂ ਨਾਲ ਘਿਰੇ ਚੀਨ ਨੇ ਐਤਵਾਰ ਨੂੰ ਖੁਦ ਨੂੰ ਬੇਕਸੂਰ ਦਸਿਆ।
ਬੀਜਿੰਗ, 7 ਜੂਨ : ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਖਬਰ ਦੇਰੀ ਨਾਲ ਦੇਣ ਦੇ ਗਲੋਬਲ ਦੋਸ਼ਾਂ ਨਾਲ ਘਿਰੇ ਚੀਨ ਨੇ ਐਤਵਾਰ ਨੂੰ ਖੁਦ ਨੂੰ ਬੇਕਸੂਰ ਦਸਿਆ। ਚੀਨ ਨੇ ਕਿਹਾ ਹੈ ਕਿ ਵਾਇਰਸ ਦਾ ਪਹਿਲਾ ਮਾਮਲਾ ਵੁਹਾਨ ਵਿਚ 27 ਦਸੰਬਰ ਨੂੰ ਸਾਹਮਣੇ ਆਇਆ ਸੀ ਜਦਕਿ ਵਾਇਰਸ ਤੋਂ ਪੈਦਾ ਹੋਇਆ ਨਿਮੋਨੀਆ ਅਤੇ ਮਨੁੱਖ ਤੋਂ ਮਨੁੱਖ ਵਿਚ ਵਾਇਰਸ ਫੈਲਣ ਬਾਰੇ 19 ਜਨਵਰੀ ਨੂੰ ਪਤਾ ਚੱਲਿਆ ਜਿਸ ਦੇ ਬਾਅਦ ਇਸ 'ਤੇ ਰੋਕ ਲਗਾਉਣ ਲਈ ਇਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿਤੀ। ਚੀਨ ਸਰਕਾਰ ਵਲੋਂ ਜਾਰੀ ਇਕ ਵ੍ਹਾਈਟ ਪੇਪਰ ਵਿਚ, ਵੁਹਾਨ ਵਿਚ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਮਾਮਲੇ ਆਉਣ 'ਤੇ ਜਾਣਕਾਰੀ ਲੁਕਾਉਣ ਅਤੇ ਇਸ ਬਾਰੇ ਦੇਰੀ ਨਾਲ ਖਬਰ ਦੇਣ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਇਕ ਲੰਮੀ ਵਿਆਖਿਆ ਦਿਤੀ ਗਈ ਹੈ।
File Photo
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਈ ਹੋਰ ਦੇਸ਼ਾਂ ਦੇ ਆਗੂ ਚੀਨ 'ਤੇ ਦੋਸ਼ ਲਗਾਉਂਦੇ ਰਹੇ ਹਨ ਕਿ ਉਸ ਨੇ ਜਾਨਲੇਵਾ ਬੀਮਾਰੀ ਬਾਰੇ ਪਾਰਦਰਸ਼ਿਤਾ ਨਾਲ ਜਾਣਕਾਰੀ ਨਹੀਂ ਦਿਤੀ। ਇਸ ਕਾਰਨ ਦੁਨੀਆ ਭਰ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਅਤੇ ਆਰਥਕ ਸੰਕਟ ਪੈਦਾ ਹੋ ਰਿਹਾ ਹੈ। ਜਾਨ ਹਾਪਕਿਨਜ਼ ਕੋਰੋਨਾਵਾਇਰਸ ਰਿਸੋਰਸ ਸੈਂਟਰ ਦੇ ਮੁਤਾਬਕ ਇਸ ਜਾਨਲੇਵਾ ਵਾਇਰਸ ਨਾਲ ਵਿਸ਼ਵ ਵਿਚ 68 ਲੱਖ ਲੋਕ ਪ੍ਰਭਾਵਤ ਹੋਏ ਹਨ। ਲਗਭਗ 4 ਲੱਖ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਵਿਚ ਇਸ ਵਾਇਰਸ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ, ਜਿਥੇ ਵਾਇਰਸ ਦੇ 19 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ 1 ਲੱਖ 9 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਉੱਥੇ ਚੀਨ ਵਿਚ ਇਸ ਵਾਇਰਸ ਦੇ ਮਾਮਲਿਆਂ ਦੀ ਅਧਿਕਾਰਤ ਗਿਣਤੀ 84,177 ਹੈ।
ਵ੍ਹਾਈਟ ਪੇਪਰ ਮੁਤਾਬਕ, ਵੁਹਾਨ ਵਿਚ 27 ਦਸੰਬਰ 2019 ਨੂੰ ਇਕ ਹਸਪਤਾਲ ਵਲੋਂ ਕੋਰੋਨਾਵਾਇਰਸ ਦੀ ਪਛਾਣ ਕੀਤੇ ਜਾਣ ਦੇ ਬਾਅਦ ਸਥਾਨਕ ਸਰਕਾਰ ਨੇ ਸਥਿਤੀ ਨੂੰ ਦੇਖਣ ਲਈ ਮਾਹਰਾਂ ਦੀ ਮਦਦ ਲਈ। ਇਸ ਨੇ ਕਿਹਾ,''ਨਤੀਜਾ ਇਹ ਸੀ ਕਿ ਇਹ ਵਾਇਰਸ ਨਾਲ ਪੈਦਾ ਹੋਏ ਨਿਮੋਨੀਆ ਦੇ ਮਾਮਲੇ ਸਨ।'' ਵ੍ਹਾਈਟ ਪੇਪਰ ਵਿਚ ਕਿਹਾ ਗਿਆ ਕਿ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਵਲੋਂ ਗਠਿਤ ਇਕ ਉੱਚ ਪੱਧਰੀ ਮਾਹਰ ਟੀਮ ਨੇ 19 ਜਨਵਰੀ ਨੂੰ ਪਹਿਲੀ ਵਾਰ ਪੁਸ਼ਟੀ ਕੀਤੀ ਕਿ ਵਾਇਰਸ ਮਨੁੱਖ ਤੋਂ ਮਨੁੱਖ ਵਿਚ ਫੈਲ ਸਕਦਾ ਹੈ। (ਪੀਟੀਆਈ