
ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ ਕਿ ਰਾਮਨਾਥ ਕੋਵਿੰਦ ਦੀ ਯਾਤਰਾ ਲਈ ਉਨ੍ਹਾਂ ਦੇ ਹਵਾਈ ਖੇਤਰ ਤੋਂ ਜਹਾਜ਼ ਨੂੰ ਲੰਘਣ ਦੇਣ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿਤਾ ਗਿਆ ਹੈ।
ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਨਿਚਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਆਈਸਲੈਂਡ ਯਾਤਰਾ ਲਈ ਉਨ੍ਹਾਂ ਦੇ ਹਵਾਈ ਖੇਤਰ ਤੋਂ ਜਹਾਜ਼ ਨੂੰ ਲੰਘਣ ਦੇਣ ਬਾਬਤ ਭਾਤਰ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿਤਾ ਗਿਆ ਹੈ। ਰਾਸ਼ਟਰਪਤੀ ਕੋਵਿੰਦ ਦੀ ਸੋਮਵਾਰ ਤੋਂ ਆਇਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਦੀ ਯਾਤਰਾ ਸ਼ੁਰੂ ਹੋਵੇਗੀ। ਇਸ ਦੌਰਾਨ ਉਹ ਭਾਰਤ ਦੀਆਂ 'ਰਾਸ਼ਟਰੀ ਚਿੰਤਾਵਾਂ' ਖ਼ਾਸ ਤੌਰ 'ਤੇ ਇਸ ਸਾਲ ਪੁਲਵਾਮਾ 'ਚ ਹੋਏ ਹਮਲੇ ਸਮੇਤ ਅਤਿਵਾਦੀ ਘਟਨਾਵਾਂ ਤੋਂ ਇਨ੍ਹਾਂ ਦੇਸ਼ਾਂ ਦੇ ਸਿਖਰਲੇ ਹਾਈਕਮਾਨ ਨੂੰ ਜਾਣੂ ਕਰਵਾ ਸਕਦੇ ਹਨ।
Shah Mehmood Kureshi
ਕੂਰੈਸ਼ੀ ਨੇ ਸਰਕਾਰੀ ਟੀ.ਵੀ. ਚੈਨਲ ਪੀ.ਟੀ.ਵੀ. ਨੂੰ ਦਸਿਆ ਕਿ ਕਸ਼ਮੀਰ 'ਚ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਫ਼ੈਸਲਾ ਕੀਤਾ ਹੈ। ਭਾਰਤ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਤੋਂ ਇਮਰਾਨ ਖ਼ਾਨ ਸਰਕਾਰ ਭਾਰਤ 'ਤੇ ਪਾਬੰਦੀਆਂ ਲਾਉਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਅਤੇ ਕੁੱਝ ਮੰਤਰੀਆਂ ਦੇ ਦਬਾਅ ਹੇਠ ਹੈ। ਅਜੇ ਤਕ ਪਾਕਿਸਤਾਨ ਨੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਕਰਨ ਦਾ ਫ਼ੈਸਲਾ ਨਹੀਂ ਕੀਤਾ ਪਰ ਰਾਸ਼ਟਰਪਤੀ ਕੋਵਿੰਦ ਦੇ ਜਹਾਜ਼ ਨੂੰ ਮਨਜ਼ੂਰੀ ਨਾ ਦੇ ਕੇ ਉਸ ਨੇ ਅਪਣੀ ਇੱਛਾ ਜ਼ਾਹਰ ਕਰ ਦਿਤੀ ਹੈ।
Ram Nath Kovind
ਕੁਰੈਸ਼ੀ ਨੇ ਕਿਹਾ ਕਿ ਨਵੀਂ ਦਿੱਲੀ ਦਾ ਕਸ਼ਮੀਰ ਬਾਰੇ ਰੁਖ ਗੰਭੀਰ ਮਾਮਲਾ ਹੈ ਅਤੇ ਉਹ ਇਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ 'ਚ ਲੈ ਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜ ਅਗੱਸਤ ਨੂੰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਪ੍ਰਸ਼ਾਸਨ ਵਲੋਂ ਲਾਈਆਂ ਪਾਬੰਦੀਆਂ 34 ਦਿਨ ਬੀਤਣ ਤੋਂ ਬਾਅਦ ਵੀ ਜਾਰੀ ਹਨ। ਕਸ਼ਮੀਰ 'ਚ ਪੁਲਵਾਮਾ ਅਤਿਵਾਦੀ ਹਮਲੇ 'ਚ ਸੀ.ਆਰ.ਪੀ.ਐਫ਼. ਦੇ 40 ਜਵਾਨਾਂ ਦੇ ਸ਼ਹੀਦ ਹੋਣ 'ਤੇ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਕੈਂਪਾਂ ਨੂੰ ਨਸ਼ਟ ਕੀਤਾ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ 26 ਫ਼ਰਵਰੀ ਨੂੰ ਅਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਸੀ।
Jammu and Kashmir
ਹਾਲਾਂਕਿ 27 ਮਾਰਚ ਨੂੰ ਉਸ ਨੇ ਨਵੀਂ ਦਿੱਲੀ, ਬੈਂਕਾਕ ਅਤੇ ਕੁਆਲਾਲੰਪੁਰ ਨੂੰ ਜਾਣ ਵਾਲੀਆਂ ਉਡਾਨਾਂ ਨੂੰ ਛੱਡ ਕੇ ਬਾਕੀਆਂ ਲਈ ਅਪਣਾ ਹਵਾਈ ਖੇਤਰ ਖੋਲ੍ਹ ਦਿਤਾ ਸੀ। 15 ਮਈ ਨੂੰ ਪਾਕਿਸਤਾਨ ਨੇ ਭਾਤਰ ਜਾਣ ਵਾਲੇ ਜਹਾਜ਼ਾਂ ਲਈ ਪਾਬੰਦੀਆਂ ਨੂੰ 30 ਮਈ ਤਕ ਵਧਾ ਦਿਤਾ ਸੀ। ਪਾਕਿਸਤਨ ਨੇ 16 ਜੁਲਾਈ ਨੂੰ ਅਪਣੇ ਹਵਾਈ ਖੇਤਰ ਨੂੰ ਸਾਰੇ ਨਾਗਰਿਕ ਜਹਾਜ਼ਾਂ ਲਈ ਖੋਲ੍ਹਿਆ। ਪੰਜ ਅਗੱਸਤ ਨੂੰ ਭਾਤਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡਣ ਦੇ ਫ਼ੈਸਲੇ ਮਗਰੋਂ ਭਾਰਤ-ਪਾਕਿਸਤਾਨ 'ਚ ਤਣਾਅ ਵੱਧ ਗਿਆ ਹੈ। ਪਾਕਿਸਤਾਨ ਨੇ ਵਿਰੋਧ 'ਚ ਭਾਰਤ ਨਾਲ ਦੁਵੱਲਾ ਕਾਰੋਬਾਰ ਵੀ ਮੁਲਤਵੀ ਕਰ ਦਿਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।