
ਕਰਤਾਰਪੁਰ ਦੀ ਯਾਤਰਾ ਲਈ ਸਾਰੀਆਂ ਧਾਰਮਿਕ ਸੈਰ-ਸਪਾਟਾ ਵੀਜ਼ਾ ਬੇਨਤੀਆਂ ਦੀ ਪ੍ਰਕਿਰਿਆ 7 ਤੋਂ 10 ਦਿਨਾਂ ਵਿਚ ਪੂਰੀ ਹੋ ਜਾਵੇਗੀ।
ਇਸਲਾਮਾਬਾਦ : ਪਾਕਿਸਤਾਨ ਨੇ ਕਰਤਾਰਪੁਰ 'ਚ ਦਰਬਾਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਚਾਹਵਾਨ ਸਿੱਖ ਸਰਧਾਲੂਆਂ ਦੀਆਂ ਦੋ ਸ੍ਰੇਣੀਆਂ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਵਿਚੋਂ ਇਕ ਭਾਰਤ ਤੋਂ ਆਉਣ ਵਾਲੇ ਸਰਧਾਲੂਆਂ ਦੀ ਹੋਵੇਗੀ ਅਤੇ ਦੂਜੀ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਯਾਤਰੀਆਂ ਦੀ। ਇਹ ਜਾਣਕਾਰੀ ਸੁਕਰਵਾਰ ਨੂੰ ਮੀਡੀਆ ਰੀਪੋਰਟਾਂ ਵਿਚ ਦਿਤੀ ਗਈ।
Kartarpur corridor
ਡਾਨ ਅਖ਼ਬਾਰ ਨੇ ਦਸਿਆ ਹੈ ਕਿ ਵਿਦੇਸ ਮੰਤਰਾਲੇ ਨੇ ਕਰਤਾਰਪੁਰ ਯਾਤਰਾ ਲਈ ਅਰਜੀ ਦੇਣ ਵਾਲੇ ਸਿੱਖ ਸਰਧਾਲੂਆਂ ਲਈ ਆਨਲਾਈਨ ਵੀਜਾ ਪ੍ਰਣਾਲੀ ਵਿਚ ਧਾਰਮਿਕ ਸੈਰ-ਸਪਾਟਾ ਦੀ ਸ੍ਰੇਣੀ ਨੂੰ ਜੋੜਨ ਦਾ ਫ਼ੈਸਲਾ ਕੀਤਾ ਹੈ। ਖਬਰਾਂ ਮੁਤਾਬਕ, “ਵਿਦੇਸ ਮੰਤਰਾਲੇ ਨੇ ਫ਼ੈਸਲਾ ਲਿਆ ਹੈ ਕਿ ਮੰਤਰਾਲਾ ਦੋ ਵੱਖ-ਵੱਖ ਸ੍ਰੇਣੀਆਂ ਵਿਚ ਵੀਜ਼ਾ ਅਰਜ਼ੀਆਂ ਨੂੰ ਸਵੀਕਾਰ ਕਰੇਗਾ, ਇਕ ਭਾਰਤੀ ਮੂਲ ਦੇ ਸਿੱਖ ਸ਼ਰਧਾਲੂ, ਜੋ ਕਿ ਦੁਨੀਆਂ ਵਿਚ ਕਿਤੇ ਹੋਰ ਵਸ ਗਏ ਹਨ ਅਤੇ ਦੂਜਾ ਜੋ ਸਿੱਖ ਸਰਧਾਲੂ ਭਾਰਤ ਵਿਚ ਵਸ ਹੋਏ ਹਨ।'' ਇਸ ਵਿਚ ਕਿਹਾ ਗਿਆ ਹੈ ਕਿ ਵਿਦੇਸ ਮੰਤਰਾਲਾ ਪ੍ਰਸਤਾਵਿਤ ਕਦਮ ਲਈ ਮੰਤਰੀ ਮੰਡਲ ਤੋਂ ਇਜਾਜਤ ਮੰਗੇਗਾ। ਖਬਰਾਂ ਵਿਚ ਕਿਹਾ ਗਿਆ ਹੈ ਕਿ ਕਰਤਾਰਪੁਰ ਦੀ ਯਾਤਰਾ ਲਈ ਸਾਰੀਆਂ ਧਾਰਮਿਕ ਸੈਰ-ਸਪਾਟਾ ਵੀਜ਼ਾ ਬੇਨਤੀਆਂ ਦੀ ਪ੍ਰਕਿਰਿਆ 7 ਤੋਂ 10 ਦਿਨਾਂ ਵਿਚ ਪੂਰੀ ਹੋ ਜਾਵੇਗੀ।
Kartarpur Corridor
ਭਾਰਤ ਅਤੇ ਪਾਕਿਸਤਾਨ ਨੇ ਬੁਧਵਾਰ ਨੂੰ ਇਸ ਗੱਲ ਤੇ ਸਹਿਮਤੀ ਜਤਾਈ ਕਿ ਪ੍ਰਸਤਾਵਿਤ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਦਰਬਾਰ ਸਾਹਿਬ ਜਾਣ ਵਾਲੇ ਭਾਰਤੀ ਸਰਧਾਲੂਆਂ ਨੂੰ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿਤੀ ਜਾਏਗੀ ਪਰ ਸਰਹੱਦ ਪਾਰ ਵਾਲੇ ਰਸਤੇ 'ਤੇ ਹੋਏ ਸਮਝੌਤੇ ਨੂੰ ਅੰਤਮ ਰੂਪ ਨਹੀਂ ਦਿਤਾ ਜਾ ਸਕਿਆ। ਇਸ ਤੋਂ ਪਹਿਲਾਂ, ਦੋਵਾਂ ਧਿਰਾਂ ਨੇ ਸਹਿਮਤੀ ਦਿਤੀ ਸੀ ਕਿ ਪਾਕਿਸਤਾਨ ਪ੍ਰਸਤਾਵਿਤ ਗਲਿਆਰੇ ਤੋਂ 5000 ਭਾਰਤੀ ਸਰਧਾਲੂਆਂ ਨੂੰ ਰੋਜ਼ਾਨਾ ਗੁਰਦੁਆਰੇ ਦੇ ਦਰਸ਼ਨ ਕਰਨ ਦੀ ਆਗਿਆ ਦੇਵੇਗਾ ਅਤੇ ਵਿਸ਼ੇਸ਼ ਦਿਨਾਂ 'ਤੇ ਇਹ ਗਿਣਤੀ ਵੀ ਵਧ ਸਕਦੀ ਹੈ।