
ਵੱਖ-ਵੱਖ ਇਲਾਕਿਆਂ ਦੀ ਸੰਗਤ ਵੱਲੋਂ ਕੀਤੀ ਗਈ ਸ਼ਿਰਕਤ
ਮਿਲਾਨ : ਲੁਸਾਰਾ (ਰਿਜੋਮਿਲੀਆ) ਵਿਖੇ ਲੁਸਾਰਾ ਦੀਆਂ ਸੰਗਤਾਂ ਵਲੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਇਲਾਕਿਆਂ ਦੀ ਸੰਗਤ ਨੇ ਸ਼ਿਰਕਤ ਕੀਤੀ। ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਇਸ ਉਪਰੰਤ ਅਰਦਾਸ ਕੀਤੀ ਅਤੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਇਟਲੀ ਦੇ ਪ੍ਰਸਿੱਧ ਢਾਡੀ ਭਾਈ ਸੁਖਵੀਰ ਸਿੰਘ ਭੌਰ ਦੇ ਜਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਚਾਨਣਾ ਪਾਇਆ।
ਇਸ ਮੌਕੇ ਲੁਸਾਰਾ ਦੀ ਮੇਅਰ ਸਤੇਲੀ ਨੇ ਵੀ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ ਕਿ ਅੱਜ ਮੈਂ ਸਿੱਖ ਭਾਈਚਾਰੇ ਦੇ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਈ ਹਾਂ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਸ਼ਹੀਦੀ ਸਮਾਗਮ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਨੇ ਦੂਜੀ ਸੰਸਾਰ ਜੰਗ ’ਚ ਸ਼ਹੀਦ ਹੋਏ ਸਿੱਖ ਫੌਜੀਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਿੱਖ ਬਹਾਦਰਾਂ ਦੀ ਕੌਮ ਹੈ, ਜਿਨ੍ਹਾਂ ਨੇ ਇਟਲੀ ਦੀ ਆਜ਼ਾਦੀ ਲਈ ਆਪਣੀਆ ਜਾਨਾਂ ਵਾਰ ਦਿੱਤੀਆਂ।
ਇਸ ਮੌਕੇ ਪ੍ਰਿਥੀਪਾਲ ਸਿੰਘ, ਹਰਦੇਵ ਸਿੰਘ ਭੱਟੀ, ਸਤਨਾਮ ਸਿੰਘ, ਹਿੰਮਤ ਸਿੰਘ ਵੱਲੋਂ ਸਥਾਨਕ ਮੇਅਰ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਲੰਗਰ ਦੀ ਸੇਵਾ ਲੁਸਾਰਾ ਦੀ ਸੰਗਤ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ। ਇਸ ਮੌਕੇੇ ਪੁੱਜੀਆਂ ਅਹਿਮ ਸ਼ਖਸ਼ੀਅਤਾਂ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਕੰਗ, ਖਜ਼ਾਨਚੀ ਪ੍ਰੋਫੈਸਰ ਜਸਪਾਲ ਸਿੰਘ, ਜਸਵੀਰ ਸਿੰਘ ਧਨੋਤਾ, ਸੇਵਾ ਸਿੰਘ ਫੌਜੀ, ਬਖਤੌਰ ਸਿੰਘ, ਸ਼ਰਨਜੀਤ ਕੌਰ ਪ੍ਰਧਾਨ ਕੋਰੇਜੋ, ਗੁਰਮੇਲ ਸਿੰਘ ਭੱਟੀ ਆਦਿ ਹਾਜ਼ਰ ਸਨ।